ਝੋਨੇ ਦਾ ਝਾੜ ਘਟਣ ਨਾਲ ਕਿਸਾਨਾਂ ਨੂੰ ਨੁਕਸਾਨ ਹੋਇਆ: ਝੱਜ
ਇਥੇ ਅੱਜ ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਦਰਿਆਵਾਂ ਨੇੜਲੇ ਲੋਕਾਂ ਦੀਆਂ ਫ਼ਸਲਾਂ ਅਤੇ ਘਰ ਤਬਾਹ ਹੋਣ ਨਾਲ ਵੱਡੀ ਮਾਰ ਪਈ ਹੈ, ਉੱਥੇ ਬਾਕੀ ਸਾਰੇ ਪੰਜਾਬ ਵਿੱਚ ਵੀ ਝੋਨੇ ਦਾ ਝਾੜ ਬਹੁਤ ਘੱਟ ਨਿਕਲਿਆ ਹੈ। ਲਗਭਗ 5 ਤੋਂ 10 ਕੁਇੰਟਲ ਹੀ ਪ੍ਰਤੀ ਏਕੜ ਕਿਸਾਨਾਂ ਦੇ ਪੱਲੇ ਪੈ ਰਿਹਾ ਹੈ, ਅਜਿਹੇ ਹਲਾਤਾਂ ’ਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ’ਚ ਆਮ ਕਿਸਾਨ ਹੋਰ ਕਰਜ਼ੇ ਦੇ ਬੋਝ ਥੱਲੇ ਆ ਰਿਹਾ ਹੈ। ਇਸ ਲਈ ਘਾਟੇ ਦੀ ਪੂਰਤੀ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਨਾਂ ਵਿਆਜ ਲੋੜੀਂਦਾ ਕਰਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਹੁਤ ਥਾਵਾਂ ’ਤੇ ਮੰਡੀਆਂ ਵਿੱਚ ਵੱਧ ਸਿੱਲ ਦੇ ਬਹਾਨੇ ’ਤੇ ਵੀ ਕਿਸਾਨਾਂ ਨੂੰ ਕਾਫੀ ਰਗੜਾ ਲਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸੰਯੁਕਤ ਕਿਸਾਨ ਮੋਰਚੇ ਦੀ ਸਲਾਹ ਨਾਲ ਯੋਗ ਖੇਤੀ ਨੀਤੀ ਬਣਾਵੇ ਤਾਂ ਕਿ ਅਜਿਹੇ ਮਾੜੇ ਹਾਲਾਤ ਵਿੱਚ ਘਾਟੇ ਦੀ ਪੂਰਤੀ ਕੀਤੀ ਜਾਵੇ, ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ, ਸਹੀ ਰੇਟ ’ਤੇ ਬਿਨਾਂ ਵਾਧੂ ਸ਼ਾਜੋ ਸਾਮਾਨ ਮੜ੍ਹੇ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ, ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰਖੇੜ੍ਹੀ, ਗੁਰਮੇਲ ਸਿੰਘ ਮੇਲੀ, ਪਰਮਜੀਤ ਸਿੰਘ, ਕੇਵਲ ਸਿੰਘ, ਜੱਸਾ ਬਿਲਗਾ, ਗੁਰਨਾਮ ਸਿੰਘ, ਆਤਮਾ ਸਿੰਘ ਕੋਟਾਲਾ, ਮਨਜੀਤ ਸਿੰਘ, ਮਨੂੰ ਬੁਆਣੀ, ਜਗਜੀਤ ਸਿੰਘ, ਮਨਜੀਤ ਸਿੰਘ, ਦਾਨ ਸਿੰਘ, ਭਰਪੂਰ ਸਿੰਘ ਆਦਿ ਹਾਜ਼ਰ ਸਨ।
 
 
             
            