ਖੇਤੀਬਾੜੀ ਯੂਨੀਵਰਸਿਟੀ ’ਚ ਕਿਸਾਨ ਮੇਲਾ ਸ਼ੁਰੂ
ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਕਿਸਾਨਾਂ ਨੇ ਕੀਤੀ ਸ਼ਿਰਕਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ’ਵਰਸਿਟੀ ਕੈਂਪਸ ਵਿੱਚ ਸ਼ੁਰੂ ਹੋ ਗਿਆ। ਇਸ ਮੇਲੇ ਦੇ ਪਹਿਲੇ ਦਿਨ ਪੰਜਾਬ ਤੋਂ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਸੂਬਿਆਂ ਤੋਂ ਵੀ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੇਲੇ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਕੀਤਾ। ਇਸ ਮੌਕੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਅਤੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ ਅਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਵਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਢਿੱਲੋਂ ਅਤੇ ਡਾ. ਅਸ਼ੋਕ ਕੁਮਾਰ ਵੀ ਮੰਚ ਦੇ ਮੌਜੂਦ ਰਹੇ।
ਹਰਚੰਦ ਬਰਸਟ ਨੇ ਬੀਤੇ ਦਿਨੀਂ ਆਏ ਹੜ੍ਹਾਂ ਦੇ ਬਾਵਜੂਦ ਐਨੀ ਭਾਰੀ ਗਿਣਤੀ ਵਿਚ ਮੇਲੇ ਦਾ ਹਿੱਸਾ ਬਣਨ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪੰਜਾਬੀ ਹਰ ਸੰਕਟ ਤੋਂ ਬਾਅਦ ਦੂਣ ਸਵਾਏ ਹੋ ਕੇ ਇਕ ਦੂਜੇ ਨਾਲ ਖੜਦੇ ਰਹੇ ਹਨ। ਉਨ੍ਹਾਂ ਮੌਜੂਦਾ ਖੇਤੀ ਯੁੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਵੀਂ ਤਕਨੀਕ ਅਤੇ ਨਵੀਆਂ ਖੋਜਾਂ ਨੂੰ ਲਾਗੂ ਕਰਨ ਦਾ ਦੌਰ ਹੈ। ਸ੍ਰੀ ਬਰਸਟ ਨੇ ਖੇਤੀ ਵਿਚ ਆਤਮ ਨਿਰਭਰਤਾ ਵਧਾਉਣ ਅਤੇ ਖਰਚੇ ਘਟਾਉਣ ਦੇ ਮੰਤਵ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਰਸੋਈ ਬਗੀਚੀ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਪਿਛਲੇ 63 ਸਾਲਾਂ ਵਿਚ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਹੀ ਨਹੀਂ ਬਣਾਇਆ ਬਲਕਿ ਇਸਨੇ ਉੱਤਰੀ ਭਾਰਤ ਨੂੰ 7 ਹੋਰ ਯੂਨੀਵਰਸਿਟੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਸੱਤ ਜ਼ਿਲਿ੍ਹਆਂ ਦੇ ਕਰੀਬ 5 ਲੱਖ ਏਕੜ ਰਕਬੇ ਵਿਚ ਖੜੀ ਫਸਲ ਦਾ ਨੁਕਸਾਨ ਹੋਇਆ ਹੈ। ਇਹੀ ਨਹੀਂ ਉਸ ਫਸਲ ਨੂੰ ਨਜਿੱਠਣ ਅਤੇ ਜ਼ਮੀਨ ਵਿਚ ਵਹਿ ਕੇ ਆਈ ਰੇਤ, ਗਾਰ ਅਤੇ ਚੀਕਣੀ ਮਿੱਟੀ ਦੀ ਪਰਖ ਦਾ ਮੁੱਦਾ ਵੀ ਅਹਿਮ ਹੈ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਇਸ ਸੰਬੰਧ ਵਿਚ ਲਗਾਤਾਰ ਪ੍ਰੀਖਣ ਕਰ ਰਹੀ ਹੈ ਅਤੇ ਜਲਦ ਹੀ ਕਿਸਾਨਾਂ ਨੂੰ ਇਸ ਸੰਬੰਧੀ ਢੁੱਕਵੀਆਂ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਖੇਤੀ ਨੂੰ ਉਤਪਾਦਨ ਦੇ ਨਾਲ ਨਾਲ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਪੀਏਯੂ ਪ੍ਰੋਸੈਸਿੰਗ, ਮੁੱਲਵਾਧੇ ਅਤੇ ਮੰਡੀਕਰਨ ਸਬੰਧੀ ਵਿਸ਼ਵ ਪੱਧਰੀ ਧਾਰਨਾਵਾਂ ਦਾ ਅਧਿਐਨ ਕਰ ਰਹੀ ਹੈ। ਉਨ੍ਹਾਂ ਨੇ ਡਿਜੀਟਲ ਖੇਤੀਬਾੜੀ ਅਤੇ ਸੈਂਸਰ ਅਧਾਰਿਤ ਖੇਤੀ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਸਵੈ ਸੰਚਾਲਿਤ ਟਰੈਕਟਰ ਬਾਰੇ ਗੱਲ ਕੀਤੀ। ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੀਏਯੂ ਨੇ ਦੁਨੀਆਂ ਦੇ ਨਕਸ਼ੇ ’ਤੇ ਚੰਗੀਆਂ ਪੈੜਾਂ ਪਾਈਆਂ ਹਨ। ਉਨਾਂ ਨੇ ਸੂਬੇ ਵਿੱਚ ਤਿਆਰ ਹੋ ਰਹੀ ਖੇਤੀ ਨੀਤੀ ਬਾਰੇ ਵੀ ਚਾਨਣਾ ਪਾਇਆ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹੇ। ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਮੇਲੇ ਦੌਰਾਨ ਜਿੱਥੇ ਵੱਡੀ ਅਤੇ ਛੋਟੀ ਖੇਤੀ ਮਸ਼ੀਨਰੀ ਦੇ ਸਟਾਲ ਲੱਗੇ ਹੋਏ ਸਨ ਉੱਥੇ ’ਵਰਸਿਟੀ ਦੇ ਵੱਖ ਵੱਖ ਵਿਭਾਗਾਂ, ਕਿਤਾਬਾਂ ਅਤੇ ਪਕਵਾਨਾਂ ਆਦਿ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ।
ਅਗਾਂਹਵਧੂ ਕਿਸਾਨਾਂ ਦਾ ਹੋਇਆ ਸਨਮਾਨ:
ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਜ਼ਿਲ੍ਹਾ ਨਾਭੇ ਦੇ ਪਿੰਡ ਕਲਿਆਣ ਦੀ ਗੁਰਪ੍ਰੀਤ ਕੌਰ, ਪ੍ਰਵਾਸੀ ਭਾਰਤੀ ਪੁਰਸਕਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਨਪ੍ਰੀਤ ਸਿੰਘ ਨੂੰ, ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਤਰਨਤਾਰਨ ਦੇ ਪਿੰਡ ਪੱਟੀ ਦੇ ਚਾਨਣ ਸਿੰਘ ਨੂੰ, ਦਲੀਪ ਸਿੰਘ ਧਾਲੀਵਾਲ ਪੁਰਸਕਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਸੁਖਤਾਰ ਸਿੰਘ ਨੂੰ ਅਤੇ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਲਾਵਾਲੀ ਦੇ ਸੰਜੀਵ ਕੁਮਾਰ ਕਹੋਲ ਨੂੰ ਦਿੱਤਾ ਗਿਆ।