ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਗੜੇ ਮੌਸਮ ਨੂੰ ਦੇਖ ਕਿਸਾਨਾਂ ਦੀ ਚਿੰਤਾ ਵਧੀ

ਸ਼ੈੱਡਾਂ ਦੀ ਘਾਟ ਕਾਰਨ ਕਿਸਾਨ ਖੁੱਲ੍ਹੇ ਅਸਮਾਨ ਹੇਠ ਫ਼ਸਲ ਰੱਖਣ ਲਈ ਮਜਬੂਰ
ਲੁਧਿਆਣਾ ਦੀ ਗਿੱਲ ਦਾਣਾ ਮੰਡੀ ਵਿੱਚ ਬਿਨਾ ਸ਼ੈੱਡ ਤੋਂ ਪਈ ਝੋਨੇ ਦੀ ਫ਼ਸਲ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਲੁਧਿਆਣਾ ਦੀ ਗਿੱਲ ਮੰਡੀ ਦੇ ਸ਼ੈੱਡ ਹੇਠਾਂ ਖੜ੍ਹੇ ਨੇ ਸੀਮਿੰਟ ਲੱਦੇ ਟਰੱਕ

ਪਹਿਲਾਂ ਖੇਤਾਂ ਵਿੱਚ ਅਤੇ ਹੁਣ ਮੰਡੀਆਂ ਵਿੱਚ ਖੁੱਲ੍ਹੇ ਅਕਾਸ਼ ਹੇਠਾਂ ਪਈ ਰੁਲ ਰਹੀ ਹੈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਝੋਨੇ ਦੀ ਫਸਲ। ਐਤਵਾਰ ਨੂੰ ਸਵੇਰੇ ਲੁਧਿਆਣਾ ਵਿੱਚ ਆਏ ਮੀਂਹ-ਝੱਖੜ ਨੇ ਮੰਡੀਆਂ ਵਿੱਚ ਵਿਕਣ ਲਈ ਆਈ ਝੋਨੇ ਦੀ ਫਸਲ ਗਿੱਲੀ ਕਰ ਦਿੱਤੀ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਹੋਣ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ।

ਇਸ ਵਾਰ ਝੋਨੇ ਦੇ ਸੀਜਨ ਦੌਰਾਨ ਪੰਜਾਬ ਵਿੱਚ ਪਏ ਮੀਂਹਾਂ ਕਰਕੇ ਬਹੁਤੇ ਕਿਸਾਨਾਂ ਦੀ ਖੜ੍ਹੀ ਫਸਲ ਹੜ੍ਹਾਂ ਦਾ ਪਾਣੀ ਰੋੜ੍ਹ ਕੇ ਲੈ ਗਿਆ ਅਤੇ ਜਿਨ੍ਹਾਂ ਕਿਸਾਨਾਂ ਦੀ ਫਸਲ ਬਚੀ, ਉਹ ਅੱਜ ਕੱਲ੍ਹ ਮੰਡੀਆਂ ਵਿੱਚ ਖੁੱਲ੍ਹੇ ਅਕਾਸ਼ ਹੇਠਾਂ ਰੁਲ ਰਹੀ ਹੈ। ਇਸ ਦੀ ਇੱਕ ਤਾਜ਼ਾ ਉਦਾਹਰਨ ਲੁਧਿਆਣਾ ਦੀ ਗਿੱਲ ਮੰਡੀ ਵਿੱਚ ਦੇਖੀ ਜਾ ਸਕਦੀ ਹੈ। ਇਸ ਮੰਡੀ ਵਿੱਚ ਭਾਵੇਂ ਫਸਲ ਨੂੰ ਸਾਂਭਣ ਲਈ ਇੱਕ ਛੋਟਾ ਜਿਹਾ ਸ਼ੈੱਡ ਵੀ ਬਣਾਇਆ ਹੋਇਆ ਹੈ ਪਰ ਇਸ ਦੇ ਹੇਠਾਂ ਕਿਸਾਨਾਂ ਦੀ ਫਸਲ ਨਹੀਂ ਸਗੋਂ ਲੋਕਾਂ ਦੇ ਸੀਮੈਂਟ ਦੇ ਟੈਂਪੂ ਅਤੇ ਟਰੱਕ ਖੜ੍ਹੇ ਹੋਏ ਹਨ। ਕਿਸਾਨਾਂ ਨੂੰ ਆਪਣੀ ਫਸਲ ਖੁੱਲ੍ਹੇ ਅਕਾਸ਼ ਵਿੱਚ ਰੱਖਣੀ ਪੈ ਰਹੀ ਹੈ। ਐਤਵਾਰ ਤੜਕੇ ਆਏ ਮੀਂਹ-ਝੱਖੜ ਕਰਕੇ ਖੁੱਲ੍ਹੇ ਅਕਾਸ਼ ਵਿੱਚ ਪਈ ਝੋਨੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ। ਭਾਵੇਂ ਫਸਲ ਨੂੰ ਤਰਪਾਲਾਂ ਦੇ ਕੇ ਢੱਕਿਆ ਹੋਇਆ ਸੀ ਪਰ ਜ਼ਮੀਨ ’ਤੇ ਪਾਣੀ ਖੜ੍ਹਾ ਹੋਣ ਨਾਲ ਢੇਰ ਹੇਠਲੀ ਫਸਲ ਪੂਰੀ ਤਰ੍ਹਾਂ ਗਿੱਲੀ ਹੋ ਗਈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਝੋਨਾ ਸੁੱਕਾ ਅਤੇ ਬਿਨ੍ਹਾਂ ਨਮੀ ਤੋਂ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਲਲਤੋਂ ਦੇ ਇੱਕ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ 50 ਕਿੱਲੇ ਵਿੱਚ ਝੋਨੇ ਦੀ ਖੇਤੀ ਕਰ ਰਿਹਾ ਹੈ। ਹੁਣ ਝੋਨੇ ਦੀ ਕਟਾਈ ਦਾ ਸੀਜ਼ਨ ਹੈ ਪਰ ਐਤਵਾਰ ਸਵੇਰੇ ਆਏ ਮੀਂਹ ਝੱਖੜ ਨੇ ਫਸਲ ਦੀ ਕਟਾਈ ਹੋਰ 4 ਤੋਂ 5 ਦਿਨ ਪਛਾੜ ਦਿੱਤੀ ਹੈ। ਮੌਸਮ ਮਾਹਿਰਾਂ ਨੇ ਤਾਂ ਆਉਂਦੇ ਦਿਨਾਂ ਵਿੱਚ ਵੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੋਈ ਹੈ।

Advertisement

ਸ਼ੈੱਡ ਹੇਠੋਂ ਛੇਤੀ ਹੀ ਹਟਾਏ ਜਾਣਗੇ ਵਾਹਨ: ਮਾਰਕੀਟ ਕਮੇਟੀ ਸਕੱਤਰ

ਮਾਰਕੀਟ ਕਮੇਟੀ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ੈੱਡ ਥੱਲ੍ਹੇ ਟੈਂਪੂ ਅਤੇ ਟਰੱਕ ਖੜ੍ਹੇ ਕਰਨ ਵਾਲਿਆਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਹੈ ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ। ਮੰਡੀ ਚਾਰੇ ਪਾਸਿਆਂ ਤੋਂ ਖੁੱਲ੍ਹੀ ਹੋਣ ਕਰਕੇ ਇਹ ਦੁਬਾਰਾ ਸ਼ੈੱਡ ਥੱਲੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਲਦੀ ਹੀ ਇੱਥੋਂ ਹਟਾਇਆ ਜਾਵੇਗਾ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਝੋਨੇ ਦੀ ਫਸਲ ਸ਼ੈੱਡਾਂ ਹੇਠਾਂ ਨਹੀਂ ਸਗੋਂ ਖੁੱਲ੍ਹੀ ਥਾਂ ’ਤੇ ਹੀ ਰੱਖੀ ਜਾਂਦੀ ਹੈ ਤਾਂ ਜੋ ਨਮੀ ਸੁਕਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ੈੱਡਾਂ ਦੀ ਵਰਤੋਂ ਸਿਰਫ ਫਸਲ ਨੂੰ ਲੰਬੇ ਸਮੇਂ ਲਈ ਸਟੋਰ ਕਰਨ ਵਾਸਤੇ ਹੀ ਕੀਤੀ ਜਾਂਦੀ ਹੈ।

Advertisement
Show comments