ਝੋਨੇ ਦਾ ਝਾੜ ਘੱਟ ਨਿਕਲਣ ਨਾਲ ਕਿਸਾਨ ਪ੍ਰੇਸ਼ਾਨ
ਇਸ ਵਾਰ ਝੋਨੇ ਦੀ ਫ਼ਸਲ ਦਾ ਝਾੜ ਬਹੁਤ ਘੱਟ ਨਿਕਲਣ ਦਾ ਸਭਾ ਤੋਂ ਵੱਡਾ ਆਰਥਿਕ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਕਿਸਾਨਾਂ ਲਈ ਘੱਟ ਝਾੜ ਕਰ ਕੇ ਝੋਨੇ ਦੀ ਫ਼ਸਲ ਘਾਟੇ ਦਾ ਵਣਜ ਸਾਬਤ ਹੋ ਰਹੀ ਹੈ, ਫ਼ਸਲ ਤੋਂ ਕੋਈ ਲਾਭ ਹੋਣਾ ਤਾਂ ਦੂਰ ਦੀ ਗੱਲ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਘੱਟ ਝਾੜ ਦਾ ਅਸਰ ਕਿਸਾਨਾਂ ਦੇ ਨਾਲ ਮਜ਼ਦੂਰਾਂ, ਆੜ੍ਹਤੀਆਂ ਤੇ ਮਾਰਕੀਟ ਕਮੇਟੀ ’ਤੇ ਵੀ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਕਮਿਸ਼ਨ ਵੀ ਘੱਟ ਗਿਆ ਹੈ। ਘੱਟ ਝਾੜ ਕਾਰਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਝੋਨੇ ਦੀ ਆਮਦ ਹੋਈ ਹੈ ਕਿਉਂਕਿ ਪਿਛਲੇ ਵਰ੍ਹੇ ਮੰਡੀ ਵਿਚ 1930385 ਕੁਇੰਟਲ ਝੋਨੇ ਦੀ ਆਮਦ ਹੋਈ ਸੀ। ਹੁਣ ਤੱਕ ਮੰਡੀ ਵਿਚ ਸਿਰਫ਼ 1322580 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ ਜਦੋਂ ਕਿ ਝੋਨੇ ਦਾ ਸੀਜ਼ਨ ਖਤਮ ਹੋਣ ਕਿਨਾਰੇ ਹੈ। ਫਸਲ ਦਾ ਘੱਟ ਝਾੜ ਹਰ ਵਰਗ ਲਈ ਚਿੰਤਾਜਨਕ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਮੁੱਖ ਮੰਡੀ ਖੰਨਾ ਵਿਚੋਂ ਪਨਗ੍ਰੇਨ ਵੱਲੋਂ 217703 ਕੁਇੰਟਲ, ਮਾਰਕਫੈੱਡ ਵੱਲੋਂ 196434 ਕੁਇੰਟਲ, ਪਨਸਪ ਵੱਲੋਂ 141158 ਕੁਇੰਟਲ, ਵੇਅਰ ਹਾਊਸ ਵੱਲੋਂ 16054 ਕੁਇੰਟਲ ਖ੍ਰੀਦਿਆ ਗਿਆ ਹੈ। ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਇਸ ਵਾਰ ਬਰਸਾਤ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ ਜਿਸ ਨੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਛੱਡਿਆ। ਪਿਛਲੇ ਸਾਲ ਝੋਨੇ ਦਾ ਝਾੜ 30 ਤੋਂ 33 ਕੁਇੰਟਲ ਦੇ ਕਰੀਬ ਨਿਕਲਿਆ ਸੀ, ਜੋ ਇਸ ਵਾਰ ਘੱਟ ਕੇ 20 ਤੋਂ 25 ਕੁਇੰਟਲ ਰਹਿ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਬਾਰਿਸ਼ਾਂ ਕਾਰਨ 20 ਫੀਸਦੀ ਦੇ ਕਰੀਬ ਫਸਲ ਘੱਟ ਆਉਣ ਦੀ ਉਮੀਦ ਹੈ ਜਿਸ ਦਾ ਨੁਕਸਾਨ ਮੰਡੀ ਨਾਲ ਜੁੜੇ ਹਰ ਵਿਅਕਤੀ ਨੂੰ ਭੁਗਤਣਾ ਪੈ ਰਿਹਾ ਹੈ।
 
 
             
            