ਸੀਲੋਂ ਕਲਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ
ਪਿੰਡ ਸੀਲੋਂ ਕਲਾਂ ਵਿੱਚ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਰਮੀਤ ਧਾਲੀਵਾਲ ਖੇਤੀਬਾੜੀ ਵਿਸਥਾਰ ਅਫ਼ਸਰ ਟਿੱਬਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਾਲੀ ਵਿੱਚ ਲਗਭਗ 45% ਖ਼ੁਰਾਕੀ ਤੱਤ (ਖਾਦਾਂ) ਮੌਜੂਦ ਰਹਿੰਦੇ ਹਨ, ਕਿਉਂਕਿ ਝੋਨੇ ਦੀ ਫ਼ਸਲ ਪੱਕਣ ਸਮੇਂ ਦਾਣੇ ਬਣਨ ਲਈ 55% ਤੱਤ ਹੀ ਵਰਤੇ ਜਾਂਦੇ ਹਨ ਅਤੇ ਬਾਕੀ ਖ਼ੁਰਾਕੀ ਤੱਤ ਰਸਾਇਣਕ ਖਾਦਾਂ ਪੌਦੇ ਦੀਆਂ ਜੜ੍ਹਾਂ ਅਤੇ ਤਣੇ ਦੀ ਬਣਤਰ ਵਿੱਚ ਲੱਗਦੀਆਂ ਹਨ। ਇਸ ਲਈ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿੱਚ ਰਲਾਉਣ ਨਾਲ ਦੋ ਤਿੰਨ ਸਾਲਾਂ ਵਿੱਚ ਖਾਦਾਂ ਦੀ ਮਿਕਦਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਮਿੱਟੀ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਧਦੀ ਹੈ ਅਤੇ ਫ਼ਸਲਾਂ ਅਣਕਿਆਸੇ ਮੌਸਮਾਂ ਦਾ ਟਾਕਰਾ ਕਰਨ ਦੇ ਯੋਗ ਬਣਦੀਆਂ ਹਨ।
ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਇਹ ਵੀ ਦੱਸਿਆ ਕਿ ਸੁਪਰ ਐੱਸ.ਐੱਮ.ਐੱਸ ਤੋਂ ਬਗੈਰ ਕੰਬਾਈਨਾਂ ਨਾਲ ਹੀ ਵਾਢੀ ਕਰਨ ਉਪਰ ਪ੍ਰਸ਼ਾਸਨ ਵੱਲੋਂ ਪਾਬੰਦੀ ਲਾਗੂ ਕੀਤੀ ਗਈ ਹੈ, ਇਸ ਲਈ ਉਨ੍ਹਾਂ ਕਿਸਾਨਾਂ ਨੂੰ ਕਿਸੇ ਕਾਨੂੰਨੀ ਝੰਜਟ ਤੋਂ ਬਚਣ ਲਈ ਸੁਪਰ ਐੱਸ. ਐੱਮ. ਐੱਸ ਲੱਗੀਆਂ ਕੰਬਾਈਨਾਂ ਨਾਲ ਹੀ ਵਾਢੀ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਜਸਵਿੰਦਰ ਕੌਰ ਏ. ਐੱਸ. ਆਈ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਮੁਫ਼ਤ ਦਿੱਤੇ ਜਾਣ ਵਾਲੇ ਡੀ-ਕੰਪੋਜ਼ਰ ਦਾ ਉਪਯੋਗ ਕਰਨ ਦੀ ਵੀ ਅਪੀਲ ਕੀਤੀ।