ਰੇਲ ਰੋਕੋ ਨੂੰ ਅਸਫ਼ਲ ਕਰਨ ਲਈ ਹਿਰਾਸਤ ’ਚ ਲਏ ਕਿਸਾਨ ਆਗੂ ਪੁਲੀਸ ਵੱਲੋਂ ਰਿਹਾਅ !
ਨਵੇਂ ਬਿਜਲੀ ਕਾਨੂੰਨ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦੋ ਘੰਟੇ ਰੇਲ ਰੋਕੋ ਐਕਸ਼ਨ ਨੂੰ ਅਸਫ਼ਲ ਕਰਨ ਲਈ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਅਤੇ ਗੁਰਦਿਆਲ ਸਿੰਘ ਤਲਵੰਡੀ ਨੂੰ ਸ਼ਾਮ ਚਾਰ ਵਜੇ ਰਿਹਾਅ ਕਰ ਦਿੱਤਾ ਗਿਆ ਹੈ, ਇਸ ਦੀ ਪੁਸ਼ਟੀ ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਨੇ ਖ਼ੁਦ ਕੀਤੀ ਹੈ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਪੁਲੀਸ ਮੁਲਾਜ਼ਮਾਂ ਨੇ ਤੜਕਸਾਰ ਕਰੀਬ 4 ਵਜੇ ਘਰ ਤੋਂ ਹਿਰਾਸਤ ਵਿੱਚ ਲੈ ਕੇ ਲਲਤੋਂ ਕਲਾਂ ਪੁਲੀਸ ਚੌਂਕੀ ਵਿੱਚ ਬੰਦ ਕਰ ਦਿੱਤਾ ਸੀ। ਇਸੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਕਲਾਂ ਨੂੰ ਪੁਲੀਸ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲੈ ਕੇ ਭੂੰਦੜੀ ਪੁਲੀਸ ਚੌਂਕੀ ਵਿੱਚ ਬੰਦ ਕਰ ਦਿੱਤਾ ਸੀ।
ਕਾਬਲਿਗ਼ੌਰ ਹੈ ਕਿ ਇਹ ਜਥੇਬੰਦੀ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਦੀ ਸਮਰਥਕ ਹੈ ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਬਿਜਲੀ ਕਾਨੂੰਨ 2025 ਸੰਸਦ ਵਿੱਚ ਲਿਆਂਦੇ ਜਾਣ ਵਿਰੁੱਧ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਮਜ਼ਦੂਰ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਜ਼ੋਰਦਾਰ ਨਿੰਦਾ ਕੀਤੀ।
