ਨੈਣਾਂ ਦੇਵੀ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿਲੇਗਾ ਮੁਆਵਜ਼ਾ: ਗੱਜਣਮਾਜਰਾ
ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਇਥੇ ਦੱਸਿਆ ਕਿ ਨੈਣਾਂ ਦੇਵੀ ਦੇ ਦਰਸ਼ਨਾਂ ਮਗਰੋਂ ਪਰਤ ਰਹੇ ਪਿੰਡ ਮਾਣਕਹੇੜੀ ਦੇ ਵਸਨੀਕ ਜੋ ਬੀਤੇ ਦਿਨੀਂ ਜਗੇੜਾ ਨਹਿਰ ਹਾਦਸੇ ’ਚ ਫੌਤ ਹੋ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਦੋ-ਦੋ ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਰਕਮ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਿ ਹਲਕਾ ਅਮਰਗੜ੍ਹ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇੱਕ ਲੱਖ ਰੁਪਿਆ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ ਵੱਲੋਂ ਪੀੜਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਲਈ 2 ਲੱਖ 10 ਹਜ਼ਾਰ ਰੁਪਏ ਅਤੇ ਦਸ਼ਮੇਸ਼ ਗਰੁੱਪ ਵਲੋਂ ਪੀੜਤ ਪਰਿਵਾਰ ਦੇ ਲਈ 50 ਹਜ਼ਾਰ ਰੁਪਏ, ਕੇ ਐੱਸ ਗਰੁੱਪ ਦੇ ਐੱਮਡੀ ਬਾਪੂ ਇੰਦਰਜੀਤ ਸਿੰਘ ਮੁੰਡੇ ਵੱਲੋਂ 50 ਹਜ਼ਾਰ ਦੀ ਰਾਸ਼ੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਸ ਪੀ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਵੱਲੋਂ ਮ੍ਰਿਤਕ ਪਰਿਵਾਰਕ ਵਾਰਸਾਂ ਨੂੰ ਦੋ ਸਾਲ ਲਈ 2000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।