ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਸੰਘਰਸ਼ ਵਿੱਢਣਗੇ
ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੀ ਸੂਬਾਈ ਜਥੇਬੰਦੀ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਪੰਜਾਬ ਨੇ ਫਰੀਡਮ ਫਾਈਟਰਾਂ ਪ੍ਰਤੀ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਸਰਕਾਰ ਖ਼ਿਲਾਫ਼ ਸੰਘਰਸ਼ ਕਰੇਗੀ ਜਿਸ ਤਹਿਤ ਆਗਾਮੀ ਗਣਤੰਤਰ ਦਿਵਸ ਮੌਕੇ 26 ਜਨਵਰੀ 2026 ਨੂੰ ਸਾਰੇ ਜ਼ਿਲ੍ਹਿਆਂ ਵਿੱਚ ਸਨਮਾਨ ਨਾਂ ਲੈਣ ਦਾ ਫ਼ੈਸਲਾ ਕੀਤਾ ਹੈ।
ਅੱਜ ਇੱਥੇ ਜਥੇਬੰਦੀ ਦੀ ਗੈਸਟ ਹਾਊਸ ਵਿੱਚ ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੰਸਥਾ ਦੇ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਨੇ ਸ਼ਮੂਲੀਅਤ ਕੀਤੀ ਜਦਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ, ਖਜ਼ਾਨਚੀ ਅਤੇ ਪੰਜਾਬ ਬਾਡੀ ਦੇ ਮੈਂਬਰ ਹਾਜ਼ਰ ਹੋਏ।
ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ ਅਣਗੌਲਿਆਂ ਕਰ ਰਹੀ ਹੈ ਕਿਉਂਕਿ ਕਈ ਵਾਰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਉਹ ਸਮਾਗਮਾਂ ਵਿੱਚ ਸ਼ਾਮਲ ਹੋਕੇ ਕੌਮੀ ਝੰਡੇ ਨੂੰ ਸਲਾਮੀ ਜ਼ਰੂਰ ਦੇਣਗੇ। ਇਸੇ ਤਰ੍ਹਾਂ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਹੱਕੀ ਮੰਗਾਂ ਲਈ ਸੰਗਰੂਰ ਜ਼ਿਲ੍ਹੇ ਤੋਂ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਵੱਧ ਤੋਂ ਵੱਧ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਜਥੇਬੰਦੀ ਨਾਲ ਜੋੜਨ ਦੀ ਅਪੀਲ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ 23 ਜਨਵਰੀ ਨੂੰ ਸੰਗਰੂਰ ਵਿੱਚ ਸੂਬਾ ਪੱਧਰੀ ਸਮਾਗਮ ਕਰਕੇ ਮਨਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਸੂਬਾ ਖਜ਼ਾਨਚੀ ਬਲਵਿੰਦਰ ਸਿੰਘ ਛੰਨਾ ਨੇ ਜ਼ਿਲ੍ਹਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੀ ਮੈਂਬਰਸ਼ਿਪ ਜਮਾਂ ਕਰਵਾਉਣ।
ਇਸ ਤੋਂ ਪਹਿਲਾਂ ਕਰਮਵੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਜਦਕਿ ਮੀਟਿੰਗ ਦੀ ਕਾਰਵਾਈ ਮੇਜਰ ਸਿੰਘ ਬਰਨਾਲਾ ਨੇ ਨਿਭਾਈ। ਮੀਟਿੰਗ ਦੌਰਾਨ ਵਿੱਛੜੇ ਮੈਂਬਰਾਂ ਭੁਪਿੰਦਰ ਸਿੰਘ ਪੰਨੂ ਅੰਮ੍ਰਿਤਸਰ ਅਤੇ ਸੁਖਦੇਵ ਸਿੰਘ ਵੰਗਲ ਨੂੰ ਮੋਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਆਲ ਇੰਡੀਆ ਕਮੈਟੀ ਮੈਂਬਰ ਅਜੀਤਪਾਲ ਪਾਲੀ ਸੰਗਰੂਰ, ਪਰਮਜੀਤ ਸਿੰਘ, ਅਵਤਾਰ ਸਿੰਘ ਰਾਏਕੋਟ, ਜਸਵੀਰ ਸਿੰਘ, ਅਵਤਾਰ ਸਿੰਘ ਬਟਾਲਵੀ, ਬਲਵਿੰਦਰ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸੰਗਰੂਰ, ਅਸਲਮ ਬਬਲੂ, ਰਾਮ ਸਿੰਘ ਮੀਡਾ ਅਤੇ ਬਲਦੇਵ ਸਿੰਘ ਸਕੱਤਰ ਤੇ ਹੋਰ ਹਾਜ਼ਰ ਸਨ।
