ਦੁਕਾਨ ਤੋਂ ਨਕਲੀ ਪਨੀਰ ਤੇ ਮਿਆਦ ਪੁੱਗੀਆਂ ਵਸਤਾਂ ਬਰਾਮਦ
ਨੇੜਲੇ ਪਿੰਡ ਬੋਪਾਰਾਏ ਕਲਾਂ ਵਿੱਚ ਇਕ ਮਠਿਆਈ ਦੀ ਦੁਕਾਨ ’ਤੇ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਅਚਨਚੇਤ ਛਾਪਾ ਮਾਰ ਕੇ ਅੱਧਾ ਗੱਟੂ ਯੂਰੀਆਂ, ਜਾਅਲੀ ਪਨੀਰ, ਮਿਆਦ ਪੁਗਾ ਚੁੱਕਾ ਸੁੱਕਾ ਦੁੱਧ, ਡਿਟਰਜੈਂਟ ਅਤੇ ਦੁੱਧ ਤਿਆਰ ਕਰਨ ਵਾਲੇ ਕੈਮੀਕਲ ਆਪਣੇ ਕਬਜ਼ੇ ਵਿੱਚ ਲਏ। ਦੀਵਾਲੀ ਭਾਵੇਂ ਦੂਰ ਹੈ ਪਰ ਕਈ ਹਲਵਾਈਆਂ ਦਾ ਘਟੀਆ ਕੁਆਲਟੀ ਦੀਆਂ ਮਠਿਆਈਆਂ ਅਤੇ ਸਿਹਤ ਲਈ ਘਾਤਕ ਨਕਲੀ ਪਨੀਰ ਬਣਾਉਣ ਦਾ ਕੰਮ ਜ਼ੋਰਾਂ ’ਤੇ ਹੈ। ਪਿੰਡ ਦੇ ਵਸਨੀਕਾਂ ਰਣਵੀਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਹਰਿਆਣੇ ਤੋਂ ਆ ਕੇ ਪਿੰਡ ਵਿੱਚ ਮਠਿਆਈ ਦੀ ਦੁਕਾਨ ਚਲਾਉਣ ਵਾਲਾ ਇਹ ਹਲਵਾਈ ਕਰੀਬ ਵੀਹ ਸਾਲ ਤੋਂ ਇਹੋ ਕਾਰੋਬਾਰ ਕਰਦਾ ਹੈ। ਪਿੰਡ ਦੇ ਕਈ ਘਰ ਉਸ ਕੋਲ ਸਾਲਾਂ ਤੋਂ ਮੱਝਾਂ ਤੇ ਗਾਂਵਾਂ ਦਾ ਦੁੱਧ ਵੀ ਪਾਉਂਦੇ ਹਨ ਜੋ ਉਹ ਅੱਗੇ ਵੇਚਦਾ ਹੈ ਜਾਂ ਇਸ ਦੀ ਮਠਿਆਈ, ਖੋਆ, ਪਨੀਰ ਆਦਿ ਬਣਾਉਣ ਲਈ ਵਰਤੋਂ ਕਰਦਾ ਹੈ। ਹੁਣ ਕੁਝ ਸਮੇਂ ਤੋਂ ਪਿੰਡ ਵਿੱਚ ਹੀ ਜਿਮ ਖੁੱਲ੍ਹਿਆ ਹੈ ਜਿੱਥੇ ਕਸਰਤ ਕਰਨ ਵਾਲੇ ਨੌਜਵਾਨ ਇਸ ਹਲਵਾਈ ਤੋਂ ਲੈ ਕੇ ਪਨੀਰ ਖਾਂਦੇ ਹਨ। ਇਨ੍ਹਾਂ ਨੌਜਵਾਨਾਂ ਨੇ ਹੀ ਪਨੀਰ ਸਹੀ ਨਾ ਹੋਣ ਦੀ ਸਭ ਤੋਂ ਪਹਿਲਾਂ ਸ਼ਿਕਾਇਤ ਕੀਤੀ। ਫੇਰ ਪਿੰਡ ਵਾਸੀਆਂ ਨੂੰ ਦੁੱਧ ਵੀ ਨਕਲੀ ਹੋਣ ਤੇ ਇਸ ਹਲਵਾਈ ਦੀ ਮਠਿਆਈ ’ਤੇ ਵੀ ਸ਼ੱਕ ਹੋਇਆ। ਇਸ ’ਤੇ ਪਿੰਡ ਵਾਸੀਆਂ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਕਰ ਦਿੱਤੀ। ਸਿਹਤ ਵਿਭਾਗ ਦੀ ਟੀਮ ਨੇ ਅੱਜ ਇਸ ਹਲਵਾਈ ਦੀ ਦੁਕਾਨ ’ਤੇ ਛਾਪਾ ਮਾਰਿਆ। ਇਸ ਸਮੇਂ ਮਿਆਦ ਲੰਘਿਆ ਸੁੱਕਾ ਦੁੱਧ ਤੇ ਹੋਰ ਸਾਮਾਨ ਮਿਲਿਆ। ਯੂਰੀਏ ਦੇ ਗੱਟੂ ਤੋਂ ਇਲਾਵਾ ਨਕਲੀ ਪਨੀਰ, ਡਿਟਰਜੈਂਟ ਸਣੇ ਨਕਲੀ ਦੁੱਧ ਤਿਆਰ ਕਰਨ ਵਾਲਾ ਹੋਰ ਕੈਮੀਕਲ ਵੀ ਸਿਹਤ ਵਿਭਾਗ ਦੀ ਟੀਮ ਨੇ ਕਬਜ਼ੇ ਵਿੱਚ ਲਿਆ। ਇਹ ਬਹੁਤਾ ਸਾਮਾਨ ਹਲਵਾਈ ਦੀ ਦੁਕਾਨ ਦੇ ਉੱਪਰੋਂ ਛੱਤ ਤੋਂ ਬਰਾਮਦ ਹੋਇਆ। ਇਸ ਬਾਰੇ ਹਲਵਾਈ ਨੇ ਕਿਹਾ ਕਿ ਕਿਸੇ ਨੇ ਉਸਨੂੰ ਸਾਜਿਸ਼ ਤਹਿਤ ਫਸਾਉਣ ਲਈ ਇਹ ਸਭ ਕੀਤਾ ਹੈ ਅਤੇ ਛੱਤ ’ਤੇ ਸਾਮਾਨ ਵੀ ਕਿਸੇ ਹੋਰ ਨੇ ਉਸਨੂੰ ਫਸਾਉਣ ਲਈ ਰੱਖਿਆ ਹੈ। ਇਸ ’ਤੇ ਸੀਸੀਟੀਵੀ ਫੁਟੇਜ ਚੈੱਕ ਕਰਨ ਲਈ ਕਿਹਾ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
ਸੈਂਪਲ ਜਾਂਚ ਲਈ ਭੇਜੇ: ਅਧਿਕਾਰੀ
ਜ਼ਿਲ੍ਹਾ ਸਿਹਤ ਅਫ਼ਸਰ ਅਮਰਜੀਤ ਕੌਰ ਨੇ ਸੰਪਰਕ ਕਰਨ ’ਤੇ ਇਸ ਛਾਪੇਮਾਰੀ ਅਤੇ ਬਰਾਮਦਗੀ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਸੈਂਪਲ ਲੈ ਲਏ ਹਨ ਜੋ ਅੱਗੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਇਸ ਕਾਰੋਬਾਰ ਨਾਲ ਜੁੜੇ ਹੋਰ ਹਲਵਾਈਆਂ ਤੇ ਮਠਿਆਈ ਦੀਆਂ ਦੁਕਾਨਾਂ ਵਾਲਿਆਂ ਨੂੰ ਕਿਹਾ ਕਿ ਕੋਈ ਵੀ ਮਿਲਾਵਟੀ, ਨਕਲੀ ਤੇ ਮਿਆਦ ਲੰਘੀਆਂ ਵਸਤਾਂ ਨਾ ਵੇਚੇ। ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਬਿਨਾਂ ਕਿਸੇ ਦਬਾਅ ਦੇ ਬਣਦੀ ਕਾਰਵਾਈ ਕੀਤੀ ਜਾਵੇਗੀ।