ਫੈਕਟਰੀ ਮਾਲਕ ਵੱਲੋਂ ਵਰਕਰ ਦੀ ਕੁੱਟਮਾਰ, ਮੌਤ
ਇੱਥੇ ਮਾਡਲ ਟਾਊਨ ਨੇੜੇ ਅਬਦੁੱਲਾਪੁਰ ਬਸਤੀ ਇਲਾਕੇ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਉਰਫ਼ ਪ੍ਰਿੰਸ ਨੂੰ ਫੈਕਟਰੀ ਮਾਲਕ ਅਤੇ ਉਸ ਦੇ ਸਾਥੀਆਂ ਨੇ ਫੈਕਟਰੀ ਨਾ ਆਉਣ ਦੀ ਗੱਲ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹ ਉਸਦੇ ਪਰਿਵਾਰ ਵਾਲਿਆਂ ਨੂੰ ਸੜਕ ’ਤੇ ਜ਼ਖਮੀ ਹਾਲਤ ਵਿੱਚ ਪਿਆ ਮਿਲਿਆ। ਦੀਵਾਲੀ ਵਾਲੇ ਦਿਨ ਜ਼ਖਮੀ ਹਾਲਤ ਵਿੱਚ ਮਿਲੇ ਪ੍ਰਿੰਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪਰਿਵਾਰ ਦੇ ਦੋਸ਼ਾਂ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ। ਅਬਦੁੱਲਾਪੁਰ ਬਸਤੀ ਇਲਾਕੇ ਵਿੱਚ ਵਾਲਮੀਕੀ ਗੇਟ ਨੇੜੇ ਰਹਿਣ ਵਾਲੇ ਪ੍ਰਿੰਸ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਫੈਕਟਰੀ ਮਾਲਕ ਗੋਲਡੀ ਸਣਏ 7-8 ਹੋਰਨਾਂ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਕੁਲਵਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ, ਜਸਵਿੰਦਰ ਸਿੰਘ ਉਰਫ਼ ਪ੍ਰਿੰਸ ਇੱਕ ਕੱਪੜਾ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਪਿਛਲੇ ਦਿਨੀਂ ਬੀਮਾਰ ਹੋਣ ਕਾਰਨ ਫੈਕਟਰੀ ਨਹੀਂ ਜਾ ਸਕਿਆ ਸੀ। ਫੈਕਟਰੀ ਮਾਲਕ ਨੇ ਇਸ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤ , ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੇ ਦੋਸਤਾਂ ਨੇ ਵੀ ਕੁੱਟਮਾਰ ਕੀਤੀ। ਅੱਧਮਰੀ ਹਾਲਤ ਵਿੱਚ ਪ੍ਰਿੰਸ ਰੇਲਵੇ ਕੁਆਟਰਾਂ ਨੇੜੇ ਡਿੱਗ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੁਲੀਸ ਨੇ ਫੈਕਟਰੀ ਮਾਲਕ ਸਣੇ ਹੋਰਾਂ ਦੇ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।