‘ਸੰਵਿਧਾਨ ਬਚਾਓ ਦਿਵਸ’ ਦੇ ਸਮਾਗਮ ਦੌਰਾਨ ਕਾਂਗਰਸ ’ਚ ਧੜੇਬੰਦੀ ਉੱਭਰੀ
ਜ਼ਿਲ੍ਹਾ ਕਾਂਗਰਸ ਦਿਹਾਤੀ ਦੀ ਅੱਜ ਇਥੇ ਸੰਵਿਧਾਨ ਬਚਾਓ ਦਿਵਸ ਮਨਾਉਣ ਸਬੰਧੀ ਰੱਖੀ ਮੀਟਿੰਗ ਵਿੱਚ ਧੜੇਬੰਦੀ ਮੁੜ ਦੇਖਣ ਨੂੰ ਮਿਲੀ। ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਜਗਰਾਉਂ ਤੋਂ ਇਲਾਵਾ ਦਾਖਾ, ਗਿੱਲ ਤੇ ਸਾਹਨੇਵਾਲ ਹਲਕਿਆਂ ਦੇ ਆਗੂ ਤਾਂ ਸ਼ਾਮਲ ਹੋਏ ਪਰ ਕਈ ਸਥਾਨਕ ਆਗੂਆਂ ਦੀ ਗੈਰ-ਹਾਜ਼ਰੀ ਰੜਕੀ। ਗੈਰ-ਹਾਜ਼ਰ ਰਹੇ ਆਗੂਆਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਨੂੰ ਸੱਦਾ ਪੱਤਰ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਮੁੱਲਾਂਪੁਰ ਨੇ ਜ਼ਰੂਰ ਫੋਨ ਕੀਤਾ ਸੀ ਪਰ ਮੀਟਿੰਗ ਦੇ ਪ੍ਰਬੰਧਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਵਲੋਂ ਕੋਈ ਸੁਨੇਹਾ ਨਹੀਂ ਮਿਲਿਆ। ਕੁਝ ਹੋਰ ਆਗੂਆਂ ਨੇ ਕਿਹਾ ਕਿ ਉਹ ਤਾਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਸਮਾਗਮ ਵਿੱਚ ਗਏ ਹੋਏ ਸਨ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਸੰਵਿਧਾਨ ਦਾ ਸਾਹ ਘੁੱਟ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਕਰਮ ਬਾਜਵਾ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਬਿਨਾਂ ਡਰ ਦੇ ਲੜਨ ਲਈ ਪ੍ਰੇਰਿਆ ਅਤੇ ਪਾਰਟੀ ਪਿੱਠ ’ਤੇ ਖੜ੍ਹੀ ਹੋਣ ਦਾ ਭਰੋਸਾ ਦਿੱਤਾ।
ਇਸ ਤੋਂ ਬਾਅਦ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਜਗਰਾਉਂ ਦੇ ਕਾਂਗਰਸੀ ਵਰਕਰਾਂ ਨਾਲ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਵੱਖਰੀ ਮੀਟਿੰਗ ਕੀਤੀ।
