ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਦਰਾ ਕਲੋਨੀ ਦੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ

ਪੰਜ ਬੱਚਿਆਂ ਸਣੇ 10 ਜ਼ਖਮੀ; ਗੰਭੀਰ ਫੱਟੜਾਂ ਨੂੰ ਪਟਿਅਾਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ
Injured under treatment at civil hospital TRIBUNE PHOTO BY HIMANSHU MAHAJAN.
Advertisement

ਇਥੇ ਜਨਕਪੁਰੀ ਤੇ ਚੀਮਾ ਚੌਕ ਨੇੜੇ ਇੰਦਰਾ ਕਲੋਨੀ ਵਿੱਚ ਇਕ ਘਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋ ਗਿਆ। ਧਮਾਕੇ ਵਿੱਚ ਪੰਜ ਬੱਚਿਆਂ ਸਣੇ 10 ਜਣੇ ਜ਼ਖਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਧਮਾਕੇ ਤੋਂ ਬਾਅਦ ਘਰ ਵਿੱਚ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ ਤੇ ਫੱਟੜਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ, ਡਿਵੀਜ਼ਨ ਨੰਬਰ-2 ਦੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸਿਵਲ ਹਸਪਤਾਲ ਲਿਆਂਦੇ 10 ਜ਼ਖਮੀਆਂ ਵਿੱਚੋਂ ਬੱਚਿਆਂ ਸਣੇ ਛੇ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਵਿੱਚ ਫੈਕਟਰੀ ਮਾਲਕ ਉਸਮਾਨ ਵੀ ਸ਼ਾਮਲ ਹੈ, ਜੋ ਪਟਾਕੇ ਬਣਾਉਣ ਦਾ ਕੰਮ ਕਰਦਾ ਹੈ। ਘਰ ’ਚ ਪੋਟਾਸ਼ ਸਟੋਰ ਕੀਤਾ ਹੋਇਆ ਸੀ। ਇਲਾਕਾਵਾਸੀਆਂ ਨੇ ਦੋਸ਼ ਲਾਇਆ ਕਿ ਗੈਰ-ਕਾਨੂੰਨੀ ਪਟਾਕਾ ਫੈਕਟਰੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੌਕੇ ’ਤੇ ਪਹੁੰਚੇ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਲਾਕੇ ਦੀ ਤਲਾਸ਼ੀ ਲਈ ਜਾਵੇਗੀ, ਜੇ ਕੋਈ ਗੈਰ-ਕਾਨੂੰਨੀ ਫੈਕਟਰੀ ਚੱਲ ਰਹੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਦਸਹਿਰੇ ਲਈ ਰਾਵਣ ਬਣਾਉਣ ਵਾਲੇ ਉਸਮਾਨ ਖਾਨ ਕੋਲ ਰਾਵਣ ਬਣਾਉਣ ਦਾ ਲਾਇਸੈਂਸ ਹੈ। ਉਹ ਇੰਦਰਾ ਕਲੋਨੀ ਇਲਾਕੇ ਵਿੱਚ ਰਹਿੰਦਾ ਹੈ ਅਤੇ ਦੀਵਾਲੀ ਲਈ ਪਟਾਕੇ ਵੀ ਬਣਾ ਰਿਹਾ ਸੀ। ਉਹ ਰਾਵਣ ਬਣਾਉਣ ਦੇ ਲਾਇਸੈਂਸ ਦੇ ਓਹਲੇ ਇੱਕ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੁਪਹਿਰ ਉਸਮਾਨ ਘਰ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਘਰ ਦੇ ਅੰਦਰ ਪੋਟਾਸ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਧਮਾਕੇ ਨਾਲ ਉਸਮਾਨ ਦੇ ਤਿੰਨ ਬੱਚੇ ਅਤੇ ਬਾਹਰ ਖੜ੍ਹੇ ਦੋ ਬੱਚੇ ਜ਼ਖਮੀ ਹੋ ਗਏ। ਨੇੜੇ ਦੇ ਪੰਜ ਵਿਅਕਤੀ ਵੀ ਜ਼ਖਮੀ ਹੋ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਵਸਨੀਕ ਆਪਣੇ ਘਰਾਂ ਤੋਂ ਬਾਹਰ ਭੱਜੇ, ਉਨ੍ਹਾਂ ਨੇ ਤੁਰੰਤ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨ ਵਸਨੀਕਾਂ ਨੇ ਪਾਣੀ ਨਾਲ ਅੱਗ ਬੁਝਾ ਦਿੱਤੀ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਛੇ ਜਣਿਆਂ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

Advertisement

ਸੂਚਨਾ ਮਿਲਣ ਤੋਂਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੌਕੇ ’ਤੇ ਪਹੁੰਚੇ, ਉਨ੍ਹਾਂ ਨੇ ਕਿਹਾ ਕਿ ਉਸਮਾਨ ਨਾਮ ਦੇ ਇੱਕ ਵਿਅਕਤੀ ਦੇ ਘਰ ਧਮਾਕਾ ਹੋਇਆ। ਉਹ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ਚਲਾ ਰਿਹਾ ਸੀ। ਅੱਗ ਲੱਗਣ ਨਾਲ ਪੰਜ ਬੱਚਿਆਂ ਸਣੇ 10 ਲੋਕ ਜ਼ਖਮੀ ਹੋ ਗਏ। ਇਲਾਕੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾਵੇਗੀ ਅਤੇ ਜੋ ਵੀ ਵਿਅਕਤੀ ਅਣਅਧਿਕਾਰਤ ਤੌਰ ’ਤੇ ਪਟਾਕੇ ਸਟੋਰ ਕਰਦੇ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇੱਕ ਫੋਰੈਂਸਿਕ ਟੀਮ ਧਮਾਕੇ ਵਾਲੀ ਥਾਂ ’ਤੇ ਪਹੁੰਚ ਗਈ ਹੈ। ਟੀਮ ਵੱਲੋਂ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਰੂਦ ਦੇ ਨਮੂਨੇ ਲਏ ਗਏ ਹਨ। ਐੱਸ  ਡੀ ਐੱਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਹਾਦਸੇ ਵਿੱਚ 10 ਲੋਕ ਝੁਲਸ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਦਾ ਇਲਾਜ ਲੁਧਿਆਣਾ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਬਾਕੀ ਛੇ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਵਿਸ਼ੇਸ਼ ਬਰਨ ਕੇਅਰ ਯੂਨਿਟ ਵਿੱਚ ਰੱਖਿਆ ਜਾਵੇਗਾ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸਮਾਨ ਕੋਲ ਪੁਤਲੇ ਬਣਾਉਣ ਦਾ ਲਾਇਸੈਂਸ ਸੀ ਅਤੇ ਇਸ ਮਕਸਦ ਲਈ ਘਰ ਵਿੱਚ ਬਾਰੂਦ ਸਟੋਰ ਕੀਤਾ ਗਿਆ ਸੀ। ਹੋਰ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Advertisement
Show comments