ਸਰਕਾਰ ਤੋਂ ਹਰੇਕ ਵਰਗ ਨਿਰਾਸ਼: ਚੀਮਾ
ਕਾਂਗਰਸ ਦੇ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦੱਖਣੀ ਦੀ ਮਾੜੀ ਹਾਲਤ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜੇਕਰ ਵੱਖ ਵੱਖ ਇਲਾਕਿਆਂ ਦੀ ਸਥਿਤੀ ਦੇਖੀ ਜਾਵੇ ਤਾਂ ਸਭ ਤੋਂ ਮਾੜੀ ਹਾਲਤ ਹਲਕਾ ਦੱਖਣੀ ਦੀ ਦੇਖਣ ਨੂੰ ਮਿਲੇਗੀ। ਸਰਕਾਰ ਨੂੰ ਸਭ ਤੋਂ ਵਧ ਟੈਕਸ ਇਸੇ ਹਲਕੇ ਤੋਂ ਪ੍ਰਾਪਤ ਹੁੰਦੇ ਹਨ। ਥਾਂ ਥਾਂ ਤੋਂ ਟੁੱਟੀਆਂ ਸੜਕਾਂ ਕਾਰਨ ਅਕਸਰ ਦੁਰਘਟਨਾਵਾਂ ਹੁੰਦੀਆ ਰਹਿੰਦੀਆਂ ਹਨ। ਜੇਕਰ ਕਿਤੇ ਸੜਕ ਬਣਦੀ ਵੀ ਹੈ ਤਾਂ ਕਥਿਤ ਭ੍ਰਿਸ਼ਟਾਚਾਰ ਕਾਰਨ ਉਸ ਦਾ ਮਿਆਰ ਇਨ੍ਹਾਂ ਮਾੜਾ ਹੁੰਦਾ ਹੈ ਕਿ ਕੁਝ ਸਮੇਂ ਵਿੱਚ ਹੀ ਸੜਕ ਟੁੱਟ ਜਾਂਦੀ ਹੈ। ਅੱਜ ਇੱਥੇ ਹਲਕਾ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਹਲਕਾ ਦੱਖਣੀ ਵਿੱਚ ਪੀਣ ਵਾਲੇ ਸਵੱਛ ਪਾਣੀ ਦੀ ਸਪਲਾਈ ਦਾ ਵੀ ਬਹੁਤ ਮੰਦਾ ਹਾਲ ਹੈ, ਸਫਾਈ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਵਿੱਚ ਅਕਸਰ ਸੀਵਰੇਜ ਦਾ ਪਾਣੀ ਮਿਲ ਕੇ ਆਉਂਦਾ ਹੈ ਜਿਸ ਕਾਰਨ ਮਾਰੂ ਬਿਮਾਰੀਆਂ ਫੈਲਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ।
ਚੀਮਾ ਨੇ ਕਿਹਾ ਕਿ ਸਾਰੇ ਲੋਕ ਆਮ ਆਦਮੀ ਪਾਰਟੀ ਸਰਕਾਰ ਦੇ ਝੂਠੇ ਲਾਰਿਆਂ ਤੋਂ ਨਿਰਾਸ਼ ਹਨ ਜਿਸ ਕਾਰਨ ਉਹ ‘ਆਪ’ ਨੂੰ ਪੰਜਾਬ ਵਿੱਚੋਂ ਚੱਲਦਾ ਕਰਨ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਚੀਮਾ ਨੇ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ, ਜੋ ਕਿ ਸਾਰੇ ਸੂਬੇ ਵਿਚ ਸਰਬਪੱਖੀ ਵਿਕਾਸ ਦੇ ਨਾਲ ਨਾਲ ਆਪ ਸਰਕਾਰ ਵੱਲੋਂ ਸਰਕਾਰੀ ਕੰਮਾਂ ਵਿੱਚ ਪਾਏ ਗਏ ਅੜਕਿਆਂ ਨੂੰ ਦੂਰ ਕਰੇਗੀ।
