ਲਾਲ ਸਿੰਘ ਦਿਲ ਤੇ ਨਾਟਕਕਾਰ ਤਰਲੋਚਨ ਦੀ ਯਾਦ ਵਿੱਚ ਸਮਾਗਮ
ਲੇਖਕ ਮੰਚ ਸਮਰਾਲਾ ਵੱਲੋਂ ਇਥੇ ਇਨਕਲਾਬੀ ਕਵੀ ਲਾਲ ਸਿੰਘ ਦਿਲ ਅਤੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਉਕਤ ਸ਼ਖ਼ਸੀਅਤਾਂ ਵੱਲੋਂ ਸਾਹਿਤ ਜਗਤ ਤੇ ਨਵ ਸਮਾਜ ਉਸਾਰੀ ’ਚ ਦਿੱਤੀ ਦੇਣ ਨੂੰ ਯਾਦ ਕੀਤਾ ਗਿਆ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਲਾਲ ਸਿੰਘ ਦਿਲ ਅਤੇ ਮਾਸਟਰ ਤਰਲੋਚਨ ਜੁਝਾਰੂ ਕਲਮ ਦੇ ਸਿਤਾਰੇ, ਵਿਲੱਖਣ ਸ਼ਖ਼ਸੀਅਤਾਂ ਅਤੇ ਆਪਣੇ ਆਪ ਵਿੱਚ ਇੱਕ ਮੁਕੰਮਲ ਸੰਸਥਾ ਸਨ, ਜੋ ਸਮਾਜ ਦੀ ਅਗਵਾਈ ਕਰਦੇ ਰਹੇ। ਉਨ੍ਹਾਂ ਕਿਹਾ ਕਿ ਲਾਲ ਸਿੰਘ ਦਿਲ ਇੱਕ ਸੂਖਮ ਭਾਵੀ ਲੇਖਕ ਅਤੇ ਸਮਾਜ ਦੇ ਲਤਾੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਰਹੇ। ਉਹ ਦਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਵਾਸਤੇ ਚੇਤੰਨ ਕਰਦੇ ਰਹੇ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਵਿਗਿਆਨਕ ਸੋਚ ਅਤੇ ਬੌਧਿਕਤਾ ਨਾਲ ਲਬਰੇਜ਼ ਸੀ। ਉਨ੍ਹਾਂ ਜ਼ਿੰਦਗੀ ਦੇ ਪ੍ਰਭਾਵਾਂ ਨੂੰ ਕਵਿਤਾ ਰਾਹੀਂ ਖੂਬਸੂਰਤੀ ਨਾਲ ਚਿਤਰਿਆ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਦਾ ਪਾਠ ਕੀਤਾ। ਬੁਲਾਰਿਆਂ ਵਿਚ ਮੁੱਖ ਤੌਰ ਤੇ ਦੀਪ ਦਿਲਬਰ, ਨਿਰੰਜਨ ਸੂਖਮ, ਐਸ. ਨਸੀਮ, ਪ੍ਰੋ. ਡਾ. ਹਰਿੰਦਰਜੀਤ ਸਿੰਘ ਕਲੇਰ, ਡਾ. ਹਰਜਿੰਦਰਪਾਲ ਸਿੰਘ ਅਤੇ ਲਖਬੀਰ ਸਿੰਘ ਬਲਾਲਾ ਨੇ ਲਾਲ ਸਿੰਘ ਦਿਲ ਅਤੇ ਮਾਸਟਰ ਤਰਲੋਚਨ ਵਲੋਂ ਘਾਲਣਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸੇ ਦੌਰਾਨ ਰਾਜਵਿੰਦਰ ਸਮਰਾਲਾ, ਬਲਜਿੰਦਰ ਸਿੰਘ ਮਾਛੀਵਾੜਾ, ਦਿਲਪ੍ਰੀਤ ਖੰਨਾ, ਮਲਕੀਤ ਸਿੰਘ ਪਵਾਤ, ਨਿਰੰਜਨ ਸੂਖਮ ਅਤੇ ਐਸ. ਨਸੀਮ ਨੇ ਲਾਲ ਸਿੰਘ ਦਿਲ ਅਤੇ ਸਵੈ ਰਚਿਤ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅੰਤ ਵਿਚ ਮੰਚ ਦੇ ਸਰਪ੍ਰਸਤ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੰਬਰ ਮਹੀਨੇ ਵਿੱਚ ਮਾਸਟਰ ਤਰਲੋਚਨ ਅਤੇ ਲਾਲ ਸਿੰਘ ਦਿਲ ਦੁਆਰਾ ਰਚਿਤ ਸਾਹਿਤ ਦੀ ਪ੍ਰਦਰਸ਼ਨੀ ਸਮੇਤ ਉਨ੍ਹਾਂ ਬਾਰੇ ਵੱਡੇ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਨੇਤਰ ਸਿੰਘ ਨੇਤਰ, ਅਵਤਾਰ ਸਿੰਘ ਓਟਾਲਾਂ, ਅਦਾਕਾਰਾ ਕਮਲਜੀਤ ਕੌਰ, ਸੁਖਵਿੰਦਰ ਸਿੰਘ ਭਾਦਲਾ, ਕਰਮਜੀਤ ਬਾਸੀ, ਨਾਟਕਕਾਰ ਜਗਦੀਸ਼ ਖੰਨਾ, ਕਰਮ ਚੰਦ ਮੈਨੇਜਰ, ਮਾਸਟਰ ਆਤਮਾ ਸਿੰਘ ਅਤੇ ਕਰਮਜੀਤ ਆਜ਼ਾਦ ਹਾਜ਼ਰ ਸਨ।