ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸਮਾਗਮ
ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ ਸੁਨੇਤ ਦੇ ਪ੍ਰਬੰਧਾਂ ਹੇਠ ਅੱਜ ਸ਼ਹੀਦ ਕਰਤਾਰ ਸਿੰਘ ਸਮੇਤ ਉਸ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਜ਼ਿਲ੍ਹਾ ਲੁਧਿਆਣਾ ਦੇ ਗਦਰੀ ਬਾਬਿਆਂ ਨੂੰ ਸਮਰਪਿਤ ਕੀਤਾ ਗਿਆ। ਇਸ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੀਆਂ ਗ਼ਦਰੀ ਯਾਦਗਾਰੀ ਕਮੇਟੀਆਂ ਨੇ ਸ਼ਿਰਕਤ ਕੀਤੀ। ਟਰੱਸਟ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਗ਼ਦਰੀ ਬਾਬਿਆਂ ਦੇ ਇਨਕਲਾਬੀ ਕੰਮਾਂ ਦੀ ਵਿਆਖਿਆ ਕੀਤੀ। ਜਨਰਲ ਸਕੱਤਰ ਜਸਵੰਤ ਜੀਰਖ ਨੇ ਮੰਚ ਸੰਚਾਲਨਾ ਕੀਤਾ। ਕਮੇਟੀਆਂ ਦੇ ਆਗੂਆਂ ਮਾ ਸਾਧੂ ਸਿੰਘ, ਕੰਵਲਜੀਤ ਸਿੰਘ , ਹਰਦਿਆਲ ਸਿੰਘ, ਪ੍ਰੋ. ਜਗਮੋਹਨ ਸਿੰਘ, ਸੁਖਮਿੰਦਰ ਲੀਲ, ਉਜਾਗਰ ਸਿੰਘ ਬੱਦੋਵਾਲ, ਮਾ. ਬਲਵਿੰਦਰ ਸਿੰਘ ਗੁੱਜਰਵਾਲ, ਮਾ. ਅਵਤਾਰ ਸਿੰਘ ਧਾਲੀਵਾਲ ਬੁਰਜ ਲਿੱਟ ਤੇ ਬਲਰਾਜ ਸਿੰਘ ਹਲਵਾਰਾ ਦੀ ਪ੍ਰਧਾਨਗੀ ਹੇਠ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ। ਉਹਨਾਂ ਆਪਣੇ ਪਿੰਡਾਂ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਕੀਤੇ ਜਾਂਦੇ ਸਮਾਗਮਾਂ ਬਾਰੇ ਤਜਰਬੇ ਸਾਂਝੇ ਕਰਦਿਆਂ ਮੌਜੂਦਾ ਰਾਜ ਪ੍ਰਬੰਧ ਵੱਲੋਂ ਗਦਰੀ ਬਾਬਿਆਂ ਅਤੇ ਹੋਰ ਇਨਕਲਾਬੀ ਲਹਿਰਾਂ ਨੂੰ ਅੱਖੋਂ ਪਰੋਖੇ ਕਰਦਿਆਂ ਕੀਤੀ ਜਾ ਰਹੀ ਗੰਧਲੀ ਰਾਜਨੀਤੀ ਵਿਰੁੱਧ ਲੋਕਾਂ ਨੂੰ ਚੇਤਨ ਕਰਨ ਦੀਆਂ ਮੁਹਿੰਮਾਂ ਚਲਾਉਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਦੇਸ਼ ਦੀ ਰਾਜ ਸੱਤ੍ਵਾ ’ਤੇ ਵਾਰੋ ਵਾਰੀ ਕਾਬਜ਼ ਹੋ ਰਹੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਗਦਰੀ ਬਾਬਿਆਂ ਦੀ ਵਿਚਾਰਧਾਰਾ ਦੇ ਵਿਰੋਧੀ ਕਰਾਰ ਦਿੱਤਾ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਨਵੀਂ ਪੀੜ੍ਹੀ ਨੂੰ ਗਦਰੀ ਬਾਬਿਆਂ ਵੱਲੋਂ ਚਿਤਵੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਕਰਨ ਨੂੰ ਸਕੂਲਾਂ ਵਿੱਚ ਪ੍ਰਚਾਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਗਠਿਤ ਕੀਤੀ ਜਾਵੇ। ਡਾ. ਮੋਹਨ ਸਿੰਘ, ਐਡਵੋਕੇਟ ਹਰਪ੍ਰੀਤ ਜ਼ੀਰਖ, ਕਾ. ਸੁਰਿੰਦਰ ਸਿੰਘ ਨੇ ਵੀ ਗਦਰੀ ਬਾਬਿਆਂ ਦੀ ਵਿਚਾਰਧਾਰਾ ਦੀ ਪ੍ਰੋੜ੍ਹਤਾ ਕੀਤੀ।
