ਅੱਸੂ ਦੇ ਮੇਲੇ ਨੂੰ ਸਮਰਪਿਤ ਸਮਾਗਮ
ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਤੀਰਥ ਅਸਥਾਨ ਗੁਰਦੁਆਰਾ ਭੈਣੀ ਸਾਹਿਬ ਵਿਖੇ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਦੀ ਹਜ਼ੂਰੀ ਵਿੱਚ ਚੱਲ ਰਹੇ ਅੱਸੂ ਦੇ ਮੇਲੇ ਦੌਰਾਨ ਭਾਰੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਅੱਜ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਦਰਜ ਹੈ ਕਿ ਕਲਯੁੱਗ ਵਿਚ ਕੀਰਤਨ ਪਰਧਾਨਾ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ’ਤੇ ਤਾਂਤੀ ਸਾਜਾਂ ਨਾਲ ਨਾਮ ਸਿਮਰਨ ਦੀ ਵਰਖਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾਮਧਾਰੀ ਦਰਬਾਰ ਨਾਲ ਸਾਡੇ ਪਰਿਵਾਰ ਦਾ ਪੁਰਾਣਾ ਰਿਸ਼ਤਾ ਹੈ ਅਤੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਸਮੇਂ ਤੋਂ ਭੈਣੀ ਸਾਹਿਬ ਦੀ ਸਾਡੇ ਪਰਿਵਾਰ ’ਤੇ ਹਮੇਸ਼ਾ ਕਿਰਪਾ ਬਣੀ ਰਹੀ ਹੈ। ਸਪੀਕਰ ਨੇ ਕਿਹਾ ਕਿ ਉਹ ਅੱਜ ਪਵਿੱਤਰ ਧਰਤੀ ’ਤੇ ਪੰਜਾਬ ਦੀ ਤਰੱਕੀ ਲਈ ਅਰਦਾਸ ਕਰਨ ਆਏ ਹਨ। ਇਸ ਸਮਾਗਮ ਦੌਰਾਨ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਜਥੇਦਾਰ ਗੁਰਬਚਨ ਸਿੰਘ ਨੂੰ ਭਾਈ ਲਹਿਣਾ ਸਿੰਘ ਐਵਾਰਡ ਅਤੇ ਲਖਵੀਰ ਸਿੰਘ ਬੱਲੋਵਾਲ ਨੂੰ ਸੇਵਾ ਸਨਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਾਮਰੇਡ ਸਵਰਨ ਸਿੰਘ ਵਿਰਕ ਦੀ ਕਿਤਾਬ ‘ਕੂਕਾ ਲਹਿਰ ਦੇ ਅਮਰ ਨਾਇਕ ਭਾਗ-3’ ਨੂੰ ਵੀ ਰਿਲੀਜ਼ ਕੀਤਾ ਗਿਆ। ਨਾਮਧਾਰੀ ਕਲਾ ਕੇਂਦਰ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਮਾਤਾ ਗੁਰਸ਼ਰਨ ਕੌਰ, ਸੰਤ ਜਗਤਾਰ ਸਿੰਘ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਪ੍ਰਧਾਨ ਸੂਬਾ ਬਲਵਿੰਦਰ ਸਿੰਘ ਝੱਲ, ਪ੍ਰੈੱਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਵੀ ਮੌਜੂਦ ਸਨ।