ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪੀਏਯੂ ’ਚ ਸਮਾਗਮ
ਇਥੇ ਪੀਏਯੂ ਵਿੱਚ ਅੱਜ ਨਵੇਂ ਦਾਖਲ ਹੋਏ ਵਿਦਿਆਥੀਆਂ ਦੇ ਸਵਾਗਤ ਲਈ ਵਿਸ਼ੇਸ਼ ਸਮਾਗਮ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸਟੱਡੀ ਸਰਕਲ ਪੀਏਯੂ ਯੂਨਿਟ ਦੇ ਮੋਢੀ ਮੈਂਬਰ ਪ੍ਰਤਾਪ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਸਰਕਲ ਵੱਲੋਂ ਬੱਚਿਆਂ ਨੂੰ ਨੈਤਿਕ ਅਤੇ ਸਦਾਚਾਰਕ ਜੀਵਨ ਮੁੱਲਾਂ ਉੱਪਰ ਤੁਰਨ ਲਈ ਪ੍ਰੇਰਿਆ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਓਵਰਸੀਜ਼ ਕਨਵੀਨਰ ਗੁਰਮੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਸਰਕਲ ਵੱਲੋਂ ਕੀਤੇ ਜਾਂਦੇ ਕਾਰਜ ਸਾਂਝੇ ਕੀਤੇ। ਇਸ ਸਮਾਰੋਹ ਦੌਰਾਨ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਬੱਲੋਵਾਲ ਸੌਂਖੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਖੇਤੀ ਪੱਤਰਕਾਰੀ ਅਤੇ ਭਾਸ਼ਾਵਾਂ ਵਿਭਾਗ ਦੇ ਸਾਬਕਾ ਮੁਖੀ ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਉਸਾਰੂ ਮੁੱਲਾਂ ਨਾਲ ਜੋੜਦਿਆਂ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜੁਆਇੰਟ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਲਈ ਸਵਾਗਤ ਦੇ ਸ਼ਬਦ ਕਹੇ। ਪ੍ਰੋਗਰਾਮ ਦੇ ਅਖੀਰ ਵਿੱਚ ਪੀ.ਏ.ਯੂ. ਯੂਨਿਟ ਦੇ ਸਰਕਲ ਪ੍ਰਧਾਨ ਡਾ. ਬੂਟਾ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ 160 ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਇਸ ਦੌਰਾਨ ਜਸਪਾਲ ਸਿੰਘ ਕੋਚ, ਜਸਪਾਲ ਸਿੰਘ ਪਿੰਕੀ, ਭਾਈ ਸੁਮੰਦ ਸਿੰਘ, ਡਾ. ਰੁਪਿੰਦਰ ਤੂਰ, ਡਾ. ਬਿਕਰਮਜੀਤ ਸਿੰਘ, ਡਾ. ਮਨਜੋਤ ਕੌਰ, ਡਾ. ਸੁਮੇਧਾ ਭੰਡਾਰੀ, ਡਾ. ਅਮਨਦੀਪ ਬਰਾੜ, ਡਾ. ਸੰਦੀਪ ਸਿੰਘ ਬਰਾੜ, ਡਾ. ਧਰਮਿੰਦਰ ਸਿੰਘ ਅਤੇ ਸਤਬੀਰ ਸਿੰਘ ਮੌਜੂਦ ਸਨ।