ਝਾੜ ਸਾਹਿਬ ਕਾਲਜ ਵਿੱਚ ਸਮਾਗਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ ਝਾੜ ਸਾਹਿਬ ਵਿਖੇ ਭਾਈ ਘਨ੍ਹੱਈਆ ਜੀ ਮਾਨਵ ਸੇਵਾ ਦਿਵਸ ਸ਼ਰਧਾ ਸਹਿਤ ਮਨਾਇਆ ਗਿਆ। ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਵ-ਸਾਂਝੀਵਾਲਤਾ, ਪਰਉਪਕਾਰ, ਸਰਬੱਤ ਦੇ ਭਲੇ ਦੇ ਮਾਰਗ ’ਤੇ ਚੱਲਦਿਆਂ ਭਾਈ ਘਨ੍ਹੱਈਆ ਨੇ 1704 ਈ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਸਮੇਂ ਬਿਨਾਂ ਕਿਸੇ ਭੇਦ-ਭਾਵ ਤੋਂ ਸਭ ਵਿਚ ਪ੍ਰਮਾਤਮਾ ਦਾ ਰੂਪ ਦੇਖਦਿਆਂ ਜਖ਼ਮੀਆਂ ਨੂੰ ਪਾਣੀ ਪਿਲਾਇਆ ਅਤੇ ਲੋੜ ਅਨੁਸਾਰ ਮਲ੍ਹਮ, ਪੱਟੀ ਕੀਤੀ। ਇਨ੍ਹਾਂ ਦੀਆਂ ਮਹਾਨ ਸੇਵਾਵਾਂ ਬਾਰੇ ਜਾਣੂ ਕਰਵਾਉਣ ਲਈ ਹਰ ਸਾਲ ਮਿਤੀ 20 ਸਤੰਬਰ ਨੂੰ ਮਾਨਵ ਸੇਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਅੰਜੂ ਖੁਰਾਨਾ ਰੂਰਲ ਮੈਡੀਕਲ ਅਫ਼ਸਰ ਝਾੜ ਸਾਹਿਬ ਵੱਲੋਂ ਵਿਦਿਆਰਥਣਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਕਿਹਾ ਕਿ ਸਾਨੂੰ ਭਾਈ ਸਾਹਿਬ ਵਲੋਂ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਮੇਰ-ਤੇਰ ਦੀ ਲਕੀਰ ਨੂੰ ਮਿਟਾ ਕੇ ਤਨ-ਮਨ-ਧਨ ਨਾਲ ਮਨੁੱਖਤਾ ਵਿਚ ਇੱਕ ਪ੍ਰਮਾਤਮਾ ਨੂੰ ਮਹਿਸੂਸ ਕਰਦੇ ਹੋਏ ਸੇਵਾ ਅਤੇ ਸਿਮਰਨ ਨਾਲ ਜੁੜ ਕੇ ਜੀਵਨ ਸਫ਼ਲ ਕਰਨਾ ਚਾਹੀਦਾ ਹੈ।