ਜੀਐੱਚਜੀ ਅਕੈਡਮੀ ਵਿੱਚ ਸਮਾਗਮ
ਇਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਕੋਠੇ ਬੱਗੂ ਵਿਖੇ ਅੱਜ ਪ੍ਰਭਾਵਸ਼ਾਲੀ ਸ਼ਖਸ਼ੀਅਤ ਜਸਵਿੰਦਰ ਸਿੰਘ ਖਾਲਸਾ ਯੂਕੇ ਦਾ ਪ੍ਰੇਰਕ ਸਮਾਗਮ ਕਰਵਾਇਆ ਗਿਆ। ਐਜੂਕੇਸ਼ਨ ਪੰਜਾਬ ਪ੍ਰਾਜੈਕਟ ਸੰਸਥਾ ਦੇ ਚੇਅਰਮੈਨ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਮਹੱਤਤਾ ਦੱਸਦੇ ਹੋਏ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਆਧਾਰ ’ਤੇ ਗੁਰੂ ਦੇ ਦੱਸੇ ਮਾਰਗ ਉੱਪਰ ਚੱਲਣ ਅਤੇ ਨਾਮ ਧਿਆਉਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ‘ਸਤਿਗੁਰ ਕਾ ਜੋ ਸਿਖ ਕਹਾਵੈ ਸੋ ਭਲਕੇ ਉੱਠ ਕੇ ਨਾਮ ਕਹਾਵੈ’। ਪਰਮਾਤਮਾ ਦੇ ਨਾਮ ਦੀ ਮਹਿਮਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਰਮਾਤਮਾ ਹੀ ਇਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਭਿਖਾਰੀ ਤੋਂ ਰਾਜਾ ਅਤੇ ਰਾਜੇ ਤੋਂ ਭਿਖਾਰੀ ਬਣਾ ਸਕਦੀ ਹੈ। ਸਾਨੂੰ ਕੇਵਲ ਉਸਦਾ ਨਾਮ ਧਿਆਉਣਾ ਹੈ, ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਕੇ ਵੱਡੇ ਅਹੁਦਿਆਂ 'ਤੇ ਪਹੁੰਚਣ ਲਈ ਪ੍ਰੇਰਤ ਕੀਤਾ। ਭਾਈ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਹੁਣ ਤਕ ਦੋ ਲੱਖ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਹੈ। ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਹੈ। ਉਨ੍ਹਾਂ ਦਾ ਸੌ ਫ਼ੀਸਦੀ ਮੁਫ਼ਤ ਸਿੱਖਿਆ ਵਾਲਾ ਸਕੂਲ ਖੋਲ੍ਹਣ ਦਾ ਟੀਚਾ ਹੈ ਅਤੇ ਇਸ ਸਮੇਂ ਉਹ ਅੱਠ ਅਜਿਹੇ ਸਕੂਲ ਚਲਾ ਰਹੇ ਹਨ, ਜਿੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਅਖ਼ੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ ਭੇਟ ਕੀਤਾ।