ਡੀਸੀਐੱਮ ਯੰਗ ਐਂਟਰਪ੍ਰੀਨਿਓਰ ਸਕੂਲ ਵਿੱਚ ਸਮਾਗਮ
ਡੀਸੀਐਮ ਯੰਗ ਐਂਟਰਪ੍ਰੀਨਿਓਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਇਨੋਵੇਸ਼ਨ ਅਤੇ ਸਾਇੰਸ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੰਟਰਨੈਸ਼ਨਲ ਫੈਸਟੀਵਲ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਇਮਰਜਿੰਗ ਟੈਕਨਾਲੋਜੀ ਦਾ ਤੀਜਾ ਐਡੀਸ਼ਨ ਕੀਤਾ ਗਿਆ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ 50 ਤੋਂ ਵੱਧ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਇਲਾਵਾ, ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਡਾ. ਡੀ. ਆਰ. ਭੱਟੀ, ਪੁਲੀਸ ਕਮਿਸ਼ਨਰ ਸਵਪਨ ਸ਼ਰਮਾ, ਐਸ.ਡੀ.ਐਮ ਪੂਨਮਪ੍ਰੀਤ ਕੌਰ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਬ੍ਰਿਗੇਡੀਅਰ ਪੀ.ਐਸ. ਚੀਮਾ ਗਰੁੱਪ ਕਮਾਂਡਰ ਐਨ.ਸੀ.ਸੀ. ਪੰਜਾਬ, ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ, ਮ੍ਰਿਦੁਲਾ ਜੈਨ ਸਮੇਤ ਇਲਾਕੇ ਦੇ ਹੋਰ ਪ੍ਰਮੁੱਖ ਪਤਵੰਤੇ ਵੀ ਮੌਜੂਦ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ। ਇਸ ਤੋਂ ਬਾਅਦ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ 1946 ਦੇ ਯੁੱਗ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੌਜੂਦਾ ਯੁੱਗ ਤੱਕ ਵਿਗਿਆਨ ਦੇ ਯੁੱਗ ਨੂੰ ਦਰਸਾਉਂਦੀ ਇੱਕ ਸ਼ਾਨਦਾਰ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਰਾਜਪਾਲ ਕਟਾਰੀਆ ਨੇ ਫੈਸਟੀਵਲ ਦੌਰਾਨ ਆਪਣੇ ਪ੍ਰੋਜੈਕਟ ਅਤੇ ਸਟਾਰਟਅੱਪ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਰਾਜਪਾਲ ਕਟਾਰੀਆ ਨੇ ਕਿਹਾ ਕਿ ਡੀਸੀਐਮ ਗਰੁੱਪ ਵਿਦਿਆਰਥੀਆਂ ਨੂੰ ਬੁਨਿਆਦੀ ਸਿੱਖਿਆ ਦੇ ਨਾਲ-ਨਾਲ ਨਵੀਂ ਤਕਨਾਲੋਜੀ ਨਾਲ ਜੋੜ ਰਿਹਾ ਹੈ। ਈਵੈਂਟ ਕਨਵੀਨਰ ਪੁਨੀਤ ਗੋਇਲ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਤਿੰਨ ਸ਼੍ਰੇਣੀਆਂ ਵਿੱਚ 21 ਤਰ੍ਹਾਂ ਦੇ ਈਵੈਂਟ ਕਰਵਾਏ ਗਏ। ਜਿਸ ਵਿੱਚ ਤੀਜੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।