ਈ ਟੀ ਟੀ ਅਧਿਆਪਕ ਤਰੱਕੀਆਂ ਨੂੰ ਤਰਸੇ: ਡੀ ਟੀ ਐੱਫ
ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਤੇ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਸਿੱਖਿਆ ਵਿਭਾਗ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੀ ਅਣਗਹਿਲੀ ਦਾ ਖਮਿਆਜ਼ਾ ਅਧਿਆਪਕਾਂ ਨੂੰ ਭੁਗਤਣਾਂ ਪੈ ਰਿਹਾ ਹੈ। ਇਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕਾਂ ਨੂੰ ਕੋਈ ਤਰੱਕੀ ਨਹੀਂ ਮਿਲੀ। ਇਹੋ ਵਜ੍ਹਾ ਹੈ ਕਿ ਬਹੁਤ ਸਾਰੇ ਅਧਿਆਪਕ ਆਪਣੀਂ ਸੇਵਾ ਦੌਰਾਨ ਇੱਕੋ ਹੀ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ, ਜਦੋਂ ਕਿ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਉਨ੍ਹਾਂ ਨੇ ਤਰੱਕੀਆਂ ਵਿੱਚ ਆਈ ਖੜੋਤ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੂਨ 2018 ਦੌਰਾਨ ਪ੍ਰਾਇਮਰੀ ਅਧਿਆਪਕਾਂ ਦੀ ਬਤੌਰ ਮਾਸਟਰ ਕਾਡਰ ਤਰੱਕੀ ਹੋਈ ਸੀ। ਉਸ ਤੋਂ ਬਾਅਦ ਕੇਵਲ ਬੈਕਲਾਗ ਪੂਰਾ ਕਰਦਿਆਂ ਅਕਤੂਬਰ 2024 ਵਿੱਚ ਗਿਣਤੀ ਦੀਆਂ ਹੀ ਤਰੱਕੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਤਰੱਕੀਆਂ ਦੌਰਾਨ ਵੀ ਵਿਭਾਗ ਵੱਲੋਂ ਸਾਰੇ ਖਾਲੀ ਸਟੇਸ਼ਨ ਦਿਖਾਉਣ ਦੀ ਬਜਾਏ ਵੱਧ ਗਿਣਤੀ ਵਾਲੇ ਮੁੱਠੀ ਭਰ ਸਕੂਲਾਂ ਨੂੰ ਖੋਲ੍ਹਿਆ ਗਿਆ, ਜਿਸ ਕਾਰਨ ਵੱਡੀ ਗਿਣਤੀ ਵਿਚ ਅਧਿਆਪਕ ਤਰੱਕੀ ਤੋਂ ਵਾਂਝੇ ਰਹਿ ਗਏ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਖੰਨਾ, ਵਿੱਤ ਸਕੱਤਰ ਗੁਰਬਚਨ ਸਿੰਘ ਅਤੇ ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਤਰੱਕੀਆਂ ਸਬੰਧੀ 6 ਮੀਟਿੰਗਾਂ ਸਿੱਖਿਆ ਮੰਤਰੀ ਨਾਲ, ਇੱਕ ਸਾਂਝੀ ਮੀਟਿੰਗ ਸਿੱਖਿਆ ਸਕੱਤਰ ਨਾਲ ਅਤੇ ਅਨੇਕਾਂ ਮੀਟਿੰਗਾਂ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਅਤੇ ਪ੍ਰਾਇਮਰੀ ਨਾਲ ਕੀਤੀਆਂ ਗਈਆਂ ਹਨ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਤਰੱਕੀਆਂ ਦਾ ਲਟਕਦਾ ਕੰਮ ਇਸੇ ਹਫ਼ਤੇ ਨਿਬੇੜਿਆ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਹਰਪਿੰਦਰ ਸ਼ਾਹੀ, ਜਸਕਰਨ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ, ਲਾਲ ਸਿੰਘ, ਅਰਵਿੰਦਰ ਭੰਗੂ, ਰਾਜਿੰਦਰ ਸਿੰਘ ਸਣੇ ਗੁਰਪ੍ਰੀਤ ਮਾਹੀ, ਪਰਮਜੀਤ ਸਿੰਘ, ਜਗਵਿੰਦਰ ਸਿੰਘ ਅਕਾਲਗੜ, ਸੁਖਮਿੰਦਰ ਸਿੰਘ ਅਕਾਲਗੜ, ਬਲਜੀਤ ਸਿੰਘ ਮਾਛੀਵਾੜਾ, ਰਾਜਿੰਦਰ ਸਿੰਘ, ਜਸਵੀਰ ਸਿੰਘ ਅਧਿਆਪਕ ਸਾਥੀ ਸ਼ਾਮਿਲ ਸਨ।
