ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੱਲਾਂਪੁਰ ਦਾਖਾ ਦੇ ਸ਼ਹੀਦ ਸਰਾਭਾ ਬੱਸੇ ਅੱਡੇ ਵਿੱਚ ਬੱਸਾਂ ਦਾ ਦਾਖ਼ਲਾ ‘ਬੰਦ’

ਅੱਡੇ ਵਿੱਚ ਬੱਸਾਂ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ
ਮੁੱਲਾਂਪੁਰ ਦਾਖਾ ਦੇ ਬੱਸ ਅੱਡੇ ਦੇ ਬਾਹਰ ਖੜ੍ਹੀਆਂ ਬੱਸਾਂ।
Advertisement

ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਧਾਨ ਸਭਾ ਵਿੱਚ ਬੱਸਾਂ ਅੱਡੇ ਅੰਦਰ ਨਾ ਜਾਣ ਦਾ ਮੁੱਦਾ ਚੁੱਕਣ ਤੋਂ ਬਾਅਦ ਉੱਥੇ ਤਾਂ ਹੁਣ ਸਾਰੀਆਂ ਬੱਸਾਂ ਅੱਡੇ ਅੰਦਰ ਜਾਣ ਲੱਗੀਆਂ ਹਨ, ਪਰ ਉੱਥੋਂ ਸਿਰਫ਼ ਅਠਾਰਾਂ ਕੁ ਕਿਲੋਮੀਟਰ ਦੂਰ ਸਥਿਤ ਮੁੱਲਾਂਪੁਰ ਦਾਖਾ ਬੱਸ ਅੱਡੇ ਵਿੱਚ ਹੋਰ ਹੀ ਕਾਨੂੰਨ ਚੱਲਦਾ ਹੈ। ਉਹੀ ਬੱਸਾਂ ਜਿਹੜੀਆਂ ਜਗਰਾਉਂ ਪਹੁੰਚ ਕੇ ਅੱਡੇ ਅੰਦਰ ਦੀ ਗੇੜਾ ਕੱਢ ਆਉਂਦੀਆਂ ਹਨ, ਮੁੱਲਾਂਪੁਰ ਦਾਖਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਅੱਡੇ ਵਿੱਚੋਂ ਇਕ ਤਰ੍ਹਾਂ ਨਾਲ ‘ਬੇਦਖ਼ਲ’ ਨਜ਼ਰ ਆਉਂਦੀਆਂ ਹਨ। ਇੱਥੇ ਸਿਰਫ਼ ਕੁਝ ਮਿਨੀ ਬੱਸਾਂ ਨੂੰ ਛੱਡ ਕੇ ਲੰਬੇ ਰੂਟ ਵਾਲੀ ਤੇ ਕੋਈ ਹੋਰ ਬੱਸ ਅੱਡੇ ਦੇ ਅੰਦਰ ਨਹੀਂ ਜਾਂਦੀ। ਬੱਸਾਂ ਦੇ ਇਸ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਸਵਾਰੀਆਂ ਲਾਹੁਣ ਤੇ ਚੁੱਕਣ ਕਰ ਕੇ ਆਮ ਲੋਕ ਪ੍ਰੇਸ਼ਾਨ ਹਨ। ਇਸ ਨਾਲ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਅੱਡਾ ਮੁੱਲਾਂਪੁਰ ਦਾਖਾ ਅੰਦਰ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਦਾਖ਼ਲ ਨਾ ਹੋਣ ਕਰ ਕੇ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਦੇ ਅੱਡੇ ਅੰਦਰ ਦਾਖ਼ਲੇ ਲਈ ਸ਼ਹਿਰ ਵਾਸੀ ਲਈ ਵਾਰ ਸਿਆਸੀ ਲੀਡਰਾਂ ਤੋਂ ਇਲਾਵਾ ਅਧਿਕਾਰੀਆਂ ਤਕ ਪਹੁੰਚ ਕਰ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਦਿਲਚਸਪ ਗੱਲ ਇਹ ਹੈ ਕਿ ਬੱਸਾਂ ਤੋਂ ਸੱਖਣੇ ਬੱਸ ਅੱਡੇ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਟੈਕਸੀਆਂ ਹੀ ਖੜ੍ਹਦੀਆਂ ਹਨ। ਕਈ ਦਹਾਕੇ ਮੁੱਲਾਂਪੁਰ ਦਾਖਾ ਵਿੱਚ ਬੱਸ ਅੱਡਾ ਨਹੀਂ ਸੀ। ਸੰਘਰਸ਼ ਮਗਰੋਂ ਜੇ ਬੱਸ ਅੱਡਾ ਬਣਿਆ ਤਾਂ ਹੁਣ ਬੱਸਾਂ ਅੰਦਰ ਨਹੀਂ ਜਾਂਦੀਆਂ। ਲੋਕਾਂ ਦੀ ਸਮੱਸਿਆ ਦੇਖਦੇ ਹੋਏ ਪਿਛਲੀ ਕਾਂਗਰਸ ਸਰਕਾਰ ਸਮੇਂ ਮੰਡੀ ਬੋਰਡ ਤੋਂ ਜ਼ਮੀਨ ਲੈ ਕੇ ਸਾਲ 2021 ਵਿੱਚ ਲੱਖਾਂ ਰੁਪਏ ਖ਼ਰਚ ਕਰ ਕੇ ਸਿਰਫ਼ ਨੌਂ ਮਹੀਨਿਆਂ ਵਿੱਚ ਇਹ ਬੱਸ ਅੱਡਾ ਤਿਆਰ ਕੀਤਾ ਗਿਆ ਸੀ। ਬੱਸਾਂ ਅੱਡੇ ਅੰਦਰ ਨਾ ਜਾਣ ਕਰ ਕੇ ਸਰਕਾਰੀ ਖਜ਼ਾਨੇ ਦਾ ਵੀ ਨੁਕਸਾਨ ਹੋ ਰਿਹਾ ਹੈ। ਬੱਸਾਂ ਵਾਲੇ ਅਜਿਹਾ ਕਰਨ ਪਿੱਛੇ ਸਮੇਂ ਦੀ ਘਾਟ ਦੀ ਗੱਲ ਆਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਗੇਟ ਸਹੀ ਨਾ ਬਣਨ ਕਰ ਕੇ ਆਉਂਦੀ ਸਮੱਸਿਆ ਵੀ ਦੱਸੀ।

Advertisement

ਜਲਦੀ ਨਵੇਂ ਹੁਕਮ ਜਾਰੀ ਕਰਾਂਗੇ: ਅਧਿਕਾਰੀ

ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਅਤੇ ਪੀਆਰਟੀਸੀ ਦੇ ਜਨਰਲ ਮੈਨੇਜਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਜਲਦ ਨਵੇਂ ਹੁਕਮ ਜਾਰੀ ਕੀਤੇ ਜਾਣਗੇ। ਉਨ੍ਹਾਂ ਬੱਸਾਂ ਦਾ ਅੱਡੇ ਅੰਦਰ ਜਾਣਾ ਯਕੀਨੀ ਬਣਾਉਣ ਦੀ ਗੱਲ ਕਹੀ ਅਤੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹੁਕਮਾਂ ਦਾ ਉਲੰਘਣ ਕਰਨ ਵਾਲੇ ਬੱਸ ਚਾਲਕ ਖ਼ਿਲਾਫ਼ ਕਾਰਵਾਈ ਦੀ ਵੀ ਗੱਲ ਕਹੀ।

Advertisement