ਰੰਜਿਸ਼: ਨੌਜਵਾਨ ਦੀ ਲੱਤ ਵਿੱਚ ਗੋਲੀ ਮਾਰੀ
ਇਥੇ ਥਾਣਾ ਜੋਧੇਵਾਲ ਦੇ ਇਲਾਕੇ ਸਬਜ਼ੀ ਮੰਡੀ ਦੇ ਬਾਹਰ ਚਾਰ ਦਿਨ ਪਹਿਲਾਂ ਰੰਜਿਸ਼ ਕਾਰਨ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਜ਼ਾਦ ਨਗਰ ਬਹਾਦਰਕੇ ਰੋਡ ਵਾਸੀ ਜਸਕੀਰਤ ਸਿੰਘ ਉਰਫ਼ ਗੱਗੂ 22 ਅਕਤੂਬਰ ਦੀ ਰਾਤ ਸਬਜ਼ੀ ਮੰਡੀ ਬਹਾਦਰਕੇ ਰੋਡ ਦੇ ਗੇਟ ਨੰਬਰ 2 ਦੇ ਬਾਹਰ ਆਪਣੇ ਦੋਸਤਾਂ ਰਿਹਾਨ, ਗੋਤਮ, ਵਿਨੈ ਅਤੇ ਰਾਜਾ ਸਿਨਹਾ ਨਾਲ ਆਪੋ-ਆਪਣੇ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ’ਤੇ ਆਪਣੇ ਘਰਾਂ ਨੂੰ ਜਾ ਰਹੇ ਸੀ।
ਜਦੋਂ ਉਹ ਸਬਜ਼ੀ ਮੰਡੀ ਗੇਟ ਨੰਬਰ 2 ਬਹਾਦਰਕੇ ਰੋਡ ਦੇ ਸਾਹਮਣੇ ਪੁੱਜੇ, ਤਾਂ ਨਰੇਸ਼ ਸੇਠੀ, ਕੰਨੂ, ਜਤਿਨ,
ਵਿਕਰਮ, ਸੰਦੀਪ ਅਤੇ 3 ਹੋਰ ਅਣਪਛਾਤੇ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਨਰੇਸ਼ ਸੇਠੀ ਨੇ ਪਿਸਤੌਲ ਦਾ ਇੱਕ ਫਾਇਰ ਜਾਨੋਂ ਮਾਰਨ ਦੀ ਨੀਯਤ ਨਾਲ ਉਨ੍ਹਾਂ ਵੱਲ ਕੀਤਾ ਜੋ ਦੋਸਤ ਰਾਜਾ ਸਿਨਹਾ ਦੀ ਖੱਬੀ ਲੱਤ ’ਤੇ ਲੱਗਾ। ਉਹ ਸਣੇ ਐਕਟਿਵਾ ਸਕੂਟਰ ਮੌਕੇ ’ਤੇ ਹੀ ਡਿੱਗ ਗਿਆ। ਇਸ ਦੌਰਾਨ ਉਹ ਰੁੱਕ ਗਏ ਜਿਸ ’ਤੇ ਹਮਲਾਵਰਾਂ ਨੇ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ।
ਪੁਲੀਸ ਅਧਿਕਾਰੀ ਹਰਚਰਨ ਸਿੰਘ ਨੇ ਦੱਸਿਆ ਕਿ
ਜਸਕੀਰਤ ਸਿੰਘ ਗੱਗੂ ਦੀ ਸ਼ਿਕਾਇਤ ’ਤੇ ਪੁਲੀਸ ਨੇ ਨਰੇਸ਼ ਸੇਠੀ, ਕੰਨੂ, ਜਤਿਨ, ਵਿਕਰਮ, ਸੰਦੀਪ ਅਤੇ ਉਨ੍ਹਾਂ ਦੇ ਤਿੰਨ ਅਣਪਛਾਤੇ ਦੋਸਤਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।
