ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਮੁਲਾਜ਼ਮ ਡਰੇ
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਨੇ ਬਿਜਲੀ ਮਹਿਕਮੇ ਦੇ ਗਰਿੱਡ ਮੁਲਾਜ਼ਮਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਮਗਰੋਂ ਹੁਣ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਕਾਰਨ ਅਸੁਰੱਖਿਅਤ ਦੇ ਮਾਹੌਲ ਵਿੱਚ ਡਿਊਟੀ ਕਰ ਰਹੇ ਮੁਲਾਜ਼ਮ ਵਿੱਚ ਖੌਫ਼ ਹੈ। ਜਥੇਬੰਦੀ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਇਸ ਵਜ੍ਹਾ ਕਾਰਨ ਮੁਲਾਜ਼ਮ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹਨ।
ਇਸ ਮੌਕੇ ਜਥੇਬੰਦੀ ਦੇ ਡਿਵੀਜ਼ਨ ਆਗੂ ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਵੀ ਮੌਜੂਦ ਸਨ। ਮਹਿਦੂਦਾਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਕਈ ਥਾਵਾਂ ਉੱਤੇ ਅੱਜ ਇਕੱਲੇ-ਇਕੱਲੇ ਮੁਲਾਜ਼ਮ ਚੌਵੀ-ਚੌਵੀ ਘੰਟੇ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਬਿਨਾਂ ਰੈਸਟ ਦੇ ਲੰਬੀਆਂ ਡਿਊਟੀਆਂ ਕਰਨ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਉਤੋਂ ਆਏ ਦਿਨ ਕਿਸੇ ਨਾ ਕਿਸੇ ਗਰਿੱਡ ਵਿੱਚ ਤਾਇਨਾਤ ਇਕੱਲੇ-ਇਕਹਿਰੇ ਮੁਲਾਜ਼ਮ ’ਤੇ ਹਮਲੇ ਹੋ ਰਹੇ ਹਨ।
ਮਹਿਦੂਦਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ 408 ਏ ਐੱਸ ਐਸ ਏ ਦੀ ਭਰਤੀ ਪ੍ਰਕਿਰਿਆ ਤੇਜ਼ ਕਰਦਿਆਂ ਨਿਯੁਕਤੀ ਪੱਤਰ ਜਲਦੀ ਜਾਰੀ ਕੀਤੇ ਜਾਣ ਤਾਂ ਜੋ ਗਰਿੱਡਾਂ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।
ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਕਿਹਾ ਕਿ ਰਾਤ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਵੀ ਵਧਾ ਕੇ ਉਨ੍ਹਾਂ ਨੂੰ ਸੁਰੱਖਿਆ ਦਾ ਮਾਹੌਲ ਦਿੱਤਾ ਜਾਵੇ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਰਾਤ ਨੂੰ ਗਸ਼ਤ ਵਾਲੀ ਟੀਮ ਗਰਿੱਡਾਂ ਉੱਤੇ ਉਚੇਚਾ ਗੇੜਾ ਮਾਰ ਕੇ ਬਿਜਲੀ ਮੁਲਾਜ਼ਮਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖੇ।
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਨੇ ਜਲਦ ਨਿਯੁਕਤੀ ਪੱਤਰ ਜਾਰੀ ਕਰਨ ਦੀ ਵਕਾਲਤ ਕੀਤੀ। ਇਸ ਮੌਕੇ ਅਕਾਸ਼ਦੀਪ, ਮੁਨੀਸ਼ ਕੁਮਾਰ, ਗੁਰਿੰਦਰ ਸਿੰਘ, ਦੀਪਕ ਕੁਮਾਰ, ਪ੍ਰਿੰਸ ਕੁਮਾਰ, ਕਰਤਾਰ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ, ਜਸਮਿੰਦਰ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।
