ਪਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਯਕੀਨੀ ਬਣਾਉਣ ’ਤੇ ਜ਼ੋਰ
ਪੰਜਾਬ ਅੰਦਰ ਪਰਵਾਸੀਆਂ ਮਜ਼ਦੂਰਾਂ ਦਾ ਮੁੱਦਾ ਇਸ ਸਮੇਂ ਭਖ਼ਿਆ ਹੋਇਆ ਹੈ ਅਤੇ ਹੁਣ ਇਥੇ ਇਲਾਕੇ ਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਇਸ ਲਈ ਬਾਕਾਇਦਾ ਵਧੀਕ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ ਅਤੇ ਸੈਕਟਰੀ ਮਾਰਕੀਟ ਕਮੇਟੀ ਨੂੰ ਮੰਗ-ਪੱਤਰ ਸੌਂਪੇ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਵਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਅਪਰਾਧਿਕ ਕਾਰਵਾਈਆਂ ਨੂੰ ਨੱਥ ਪਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਇਸ ਪੱਖੋਂ ਅਵੇਸਲੇ ਰਹਿਣ ਤੇ ਸ਼ਨਾਖਤ ਨਾ ਕਰਨ ਕਰਕੇ ਹੀ ਗੱਲ ਇਥੋਂ ਤਕ ਪਹੁੰਚੀ ਹੈ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਵਿੱਚੋਂ ਪੰਜਾਬ ਆਏ ਹਰੇਕ ਸ਼ਖਸ ਦੀ ਜਾਂਚ ਕਰੇ ਅਤੇ ਕਿਸੇ ਦਾ ਪੰਜਾਬ ਦੇ ਪਤੇ ਦਾ ਆਧਾਰ ਕਾਰਡ ਤੇ ਰਾਸ਼ਨ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਨਾ ਬਣਾਇਆ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕਿਸਾਨ ਯੂਨੀਅਨਾਂ ਦੇ ਵਫ਼ਦ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਵਫ਼ਦ ਵਲੋਂ ਮੰਗ ਕੀਤੀ ਗਈ ਕਿ ਸੂਬੇ ਦੇ ਜਨਤਕ ਸਥਾਨਾਂ ’ਤੇ ਨਾਜਾਇਜ਼ ਕਬਜ਼ੇ ਕਰੀ ਬੈਠੇ ਪਰਵਾਸੀਆਂ ਤੋਂ ਇਹ ਕਬਜ਼ੇ ਛੁਡਾਏ ਜਾਣ, ਖੇਤਾਂ ਵਿੱਚ ਕੰਮ ਕਰਨ ਵਾਲੇ ਅਤੇ ਹੋਰ ਕੰਮਕਾਜ ਕਰਨ ਵਾਲੇ ਪਰਵਾਸੀਆਂ ਦੀ ਪੜਤਾਲ ਕੀਤੀ ਜਾਵੇ, ਪਰਵਾਸੀਆਂ ਵਲੋਂ ਫਰਜ਼ੀ ਪਤੇ ਦੱਸ ਕੇ ਬਣਾਏ ਗਏ ਅਤੇ ਬਣ ਰਹੇ ਵੋਟਰ, ਆਧਾਰ ਅਤੇ ਰਾਸ਼ਨ ਕਾਰਡਾਂ ਦੀ ਪੜਤਾਲ ਕਰਕੇ ਉਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਸ਼ੀਜਨ ਦੌਰਾਨ ਮੰਡੀਆਂ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਪਹਿਲਾ ਤੋਂ ਠੋਸ ਪ੍ਰਬੰਧ ਕੀਤੇ ਜਾਣ।