ਬਿਜਲੀ ਕਾਮਿਆਂ ਵੱਲੋਂ ਹੜਤਾਲ ਲਈ ਲਾਮਬੰਦੀ
ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਮਈ
ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਤਬਾਹਕੁਨ ਨੀਤੀਆਂ ਵਿਰੁੱਧ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਵੱਲੋਂ 20 ਮਈ ਦੀ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਲਈ ਬਿਜਲੀ ਕਾਮੇ ਵੀ ਮੈਦਾਨ ਵਿੱਚ ਆ ਗਏ ਹਨ। ਲਲਤੋਂ ਕਲਾਂ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਲਲਤੋਂ ਕਲਾਂ ਵਿੱਚ ਹੋਈ ਸਾਂਝੀ ਕਨਵੈਨਸ਼ਨ ਸਰਕਲ ਪ੍ਰਧਾਨ ਜ਼ਮੀਰ ਹੁਸੈਨ ਦੀ ਪ੍ਰਧਾਨਗੀ ਹੇਠ ਹੋਈ। ਬਿਜਲੀ ਕਾਮਿਆਂ ਤੋਂ ਇਲਾਵਾ ਸੇਵਾਮੁਕਤ ਕਾਮਿਆਂ ਅਤੇ ਠੇਕਾ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ। ਟੀ.ਐੱਸ.ਯੂ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਮੁਕੰਮਲ ਨਿੱਜੀਕਰਨ ਦੀਆਂ ਤਿਆਰੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ 10 ਡਵੀਜ਼ਨਾਂ ਵਿੱਚ ਨਿੱਜੀਕਰਨ ਸ਼ੁਰੂ ਕਰ ਦਿੱਤਾ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਧਰਨੇ-ਪ੍ਰਦਰਸ਼ਨਾਂ ਵਿੱਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਹੁਣ ਪੰਜਾਬ ਨੂੰ ਧਰਨੇ-ਹੜਤਾਲਾਂ ਮੁਕਤ ਕਰਨ ਦੇ ਫ਼ਰਮਾਨ ਜਾਰੀ ਕਰ ਰਹੀ ਹੈ। ਬਿਜਲੀ ਕਾਮਿਆਂ ਦੀ ਹੜਤਾਲ ਨਾਲ ਨਜਿੱਠਣ ਲਈ ਨਿੱਜੀ ਠੇਕੇਦਾਰਾਂ ਰਾਹੀਂ ਗੈਂਗ ਤਿਆਰ ਕੀਤੇ ਜਾ ਰਹੇ ਹਨ। ਲੋਕ ਵਿਰੋਧੀ ਚਾਰ ਲੇਬਰ ਕੋਡ, ਬਿਜਲੀ ਕਾਨੂੰਨ 2003 ਅਤੇ 2022, ਕੌਮੀ ਸਿੱਖਿਆ ਨੀਤੀ ਰੱਦ ਕਰਨ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲ ਕਰਨ, ਰੈਗੂਲਰ ਭਰਤੀ ਕਰਨ ਸਮੇਤ ਹੋਰ ਮੰਗਾਂ ਲਈ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 20 ਮਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਰਕਲ ਸਕੱਤਰ ਨਛੱਤਰ ਸਿੰਘ, ਚਮਕੌਰ ਸਿੰਘ, ਗੋਪਾਲ ਦਾਸ, ਜਗਤਾਰ ਸਿੰਘ, ਹਰਮੇਲ ਸਿੰਘ, ਹਰਵਿੰਦਰ ਸਿੰਘ ਭੱਟੀ, ਦਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
