ਬਿਜਲੀ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਵਿਰੁੱਧ ਰੋਸ ਰੈਲੀ
ਇਥੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਤੇ ਹੋਰ ਸਰਕਾਰੀ ਅਦਾਰਿਆਂ ਦੀਆ ਜ਼ਮੀਨਾਂ ਵੇਚਣ, ਬਿਜਲੀ ਸੋਧ ਬਿੱਲ 2025 ਵਿਰੁੱਧ ਤੇ ਨਿੱਜੀਕਰਨ ਲਾਗੂ ਕਰਨ ਦਾ ਫੈਸਲੇ ਨੂੰ ਰੱਦ ਕਰਵਾਉਣ ਲਈ ਸਰਕਲ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਮੱਖਣ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਹਰਮੇਸ਼ ਸਿੰਘ ਅਤੇ ਜਗਦੇਵ ਸਿੰਘ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹੁਣ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੀ ਜੋ ਜ਼ਮੀਨ ਗਰਿੱਡਾਂ, ਕਲੋਨੀਆਂ ਤੇ ਦਫ਼ਤਰਾਂ ਨਾਲ ਪਈ ਹੈ, ਉਸ ਨੂੰ ਸਰਕਾਰ ਵੱਲੋਂ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ, ਜੋ ਮੰਦਭਾਗਾ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ, ਮੁਲਾਜ਼ਮਾਂ ਨੂੰ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਗਰਿੱਡਾਂ ’ਤੇ ਕੰਮ ਕਰਦੇ ਸਟਾਫ਼ ਦੀ ਸੇਫ਼ਟੀ ਯਕੀਨੀ ਬਣਾਈ ਜਾਵੇ ਆਦਿ। ਉਪਰੋਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪਾਵਰਕੌਮ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ, ਮੱਖਣ ਸਿੰਘ, ਜਗਦੇਵ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਕੰਵਲਜੀਤ ਸਿੰਘ, ਵਿਧੀ ਚੰਦ, ਗੁਰਦੀਪ ਸਿੰਘ, ਮੰਗਤ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ, ਪਰਵਿੰਦਰ ਸਿੰਘ, ਸੰਜੀਵ ਕੁਮਾਰ, ਇੰਦਰਜੀਤ ਸਿੰਘ, ਹਰਦੀਪ ਸਿੰਘ, ਰੋਹਿਤ ਕੁਮਾਰ, ਹਰਪ੍ਰੀਤ ਸਿੰਘ, ਸੁਖਵੀਰ ਸਿੰਘ, ਜਤਿੰਦਰ ਸਿੰਘ, ਅਨੂਪ ਸਿੰਘ ਆਦਿ ਹਾਜ਼ਰ ਸਨ।
