ਪਿੰਡ ਚੌਂਕੀਮਾਨ ’ਚ ਰਾਜਾ ਵੜਿੰਗ ਦਾ ਪੁਤਲਾ ਫੂਕਿਆ
ਪਿਛਲੇ ਦਿਨੀ ਜ਼ਿਮਨੀ ਚੋਣ ਦੌਰਾਨ ਸਟੇਜ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਅਤੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦਾ ਵਿਰੋਧ ਕਰਦੇ ਹੋਏ ਆਮ ਲੋਕਾਂ ਨੇ ਅੱਜ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਚੌਂਕੀਮਾਨ ਦੇ ਅੱਡੇ ’ਤੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੋਸ ਜ਼ਾਹਿਰ ਕਰਨ ਵਾਲੇ ਸਮੂਹ ਦੀ ਅਗਵਾਈ ਕਰਦੇ ਹੋਏ ਗੁਰਦੀਪ ਸਿੰਘ ਕਾਕਾ, ਸਾਬਕਾ ਸਰਪੰਚ ਚਰਨ ਸਿੰਘ, ਜਗਦੇਵ ਸਿੰਘ ਜੱਗਾ, ਅਮਨ ਸਿੰਘ ਮਾਨ, ਰਾਜੂ, ਰਵੀ ਕੁਮਾਰ, ਵਿੱਕਾ, ਹਰਪਾਲ ਸਿੰਘ ਪੱਲਾ ਪੰਚ, ਮੇਜਰ ਸਿੰਘ, ਵਿਨੋਦ ਯਾਦਵ, ਸੁੱਖਾ ਫੌਜੀ, ਜਸ਼ਨ ਹਾਂਸ, ਮਾਸਟਰ ਭਵਨਦੀਪ ਸਿੰਘ ਮਾਨ, ਜਸਵੀਰ ਸਿੰਘ ਮਾਨ, ਕਰਮ ਸਿੰਘ ਨੰਬਰਦਾਰ, ਮਹਾ ਸਿੰਘ ਅਤੇ ਲਵੀ ਨੇ ਰਾਜਾ ਵੜਿੰਗ ਵੱਲੋਂ ਬੋਲੇ ਸ਼ਬਦਾਂ ਦੀ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦਾ ਦਲਿਤ ਅਤੇ ਜਾਤ ਪਾਤ ਪ੍ਰਤੀ ਰਵੱਈਆ ਨਿੰਦਣਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੜਿੰਗ ਦੀ ਹਮਾਇਤ ਕਰਨ ਦੀ ਥਾਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇ ਕਾਂਗਰਸ ਪਾਰਟੀ ਦਾ ਇਹੀ ਰੱਵਈਆ ਰਿਹਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ। ਲੋਕਾਂ ਨੇ ਰਾਜਾ ਵੜਿੰਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਪਾਰਟੀ ਦੀ ਵੀ ਨਿਖੇਧੀ ਕੀਤੀ।
