ਕਾਲਜ ਵਿਦਿਆਰਥੀਆਂ ਦਾ ਵਿਦਿਅਕ ਟੂਰ
ਪੱਤਰ ਪ੍ਰੇਰਕ
ਪਾਇਲ, 21 ਜਨਵਰੀ
ਇਥੋਂ ਦੇ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਹੇਠ ਕਾਲਜ ਦੇ ਸਕਿੱਲ ਡਿਵੈਲਪਮੈਂਟ ਅਤੇ ਕਰੀਅਰ ਕੌਂਸਲਿੰਗ ਸੈੱਲ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਦਾ ਉਦਯੋਗਿਕ ਥਾਂ ਦਾ ਟੂਰ ਲਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾਇਰੈਕਟਰ ਉੱਚੇਰੀ ਸਿੱਖਿਆ ਵਿਭਾਗ ਰਾਹੀਂ ਕਾਲਜਾਂ ਨੂੰ ਐੱਚ.ਈ. 60 ਗ੍ਰਾਂਟ ਜਾਰੀ ਕਰਕੇ ਵਿੱਦਿਅਕ ਅਤੇ ਉਦਯੋਗਿਕ ਯਾਤਰਾਵਾਂ ਨੂੰ ਉਤਸ਼ਾਹਿਤ ਕਰਨ ਦਾ ਕਾਰਜ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਅਧੀਨ ਕਾਲਜ ਦੇ ਵਿਦਿਆਰਥੀ ਲੁਧਿਆਣਾ ਦੇ ਐੱਮਐੱਸ ਭੋਗਲ ਐਂਡ ਸੰਨਜ਼ ਉਦਯੋਗ ਵਿੱਚ ਗਏ ਅਤੇ ਉਨ੍ਹਾਂ ਨੇ ਪੂਰੇ ਉਦਯੋਗ ਦੇ ਕੰਮ-ਕਾਜ ਨੂੰ ਬਹੁਤ ਗਹੁ ਨਾਲ ਵੇਖਿਆ। ਇਸ ਮੌਕੇ ਕਾਲਜ ਵੱਲੋਂ ਪ੍ਰੋ. ਪੂਨਮ, ਪ੍ਰੋ. ਜਸਵੀਰ ਕੌਰ ਅਤੇ ਪ੍ਰੋ. ਹਰਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਇਸ ਯਾਤਰਾ ਵਿੱਚ ਅਗਵਾਈ ਕੀਤੀ। ਕਾਲਜ ਦੇ ਅਧਿਆਪਕ ਸਾਹਿਬਾਨ ਨੇ ਉਦਯੋਗ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਗੱਲ ਸਮਝਾਈ।
