ਸਿੱਖਿਆ ਮੰਤਰੀ ਵੱਲੋਂ ਵਿੱਦਿਆ ਦਾ ਲੰਗਰ ਲਾਉਣ ਵਾਲੇ ਅਧਿਆਪਕਾਂ ਦਾ ਸਨਮਾਨ
ਇਥੇ ਜਲੰਧਰ ਬਾਈਪਾਸ ਨੇੜੇ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੈਗਾ ਸਮਾਗਮ ਵਿੱਚ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਹਲਕਾ ਪੂਰਬੀ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 4 ਹਜ਼ਾਰ ਤੋਂ ਵੱਧ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਅਧਿਆਪਕਾਂ ਨੂੰ ਵਿੱਦਿਆ ਦਾ ਲੰਗਰ ਲਾਉਣ ਵਾਲੇ ਦਾਨੀ ਦੱਸਦਿਆਂ ਕਿਹਾ ਕਿ ਇਹ ਸਾਡੇ ਰਾਸ਼ਟਰ ਨਿਰਮਾਤਾ ਹਨ। ਉਨ੍ਹਾਂ ਦੱਸਿਆ ਕਿ ਚੰਗੇ ਅਧਿਆਪਨ ਰਾਹੀਂ ਬੱਚੇ ਡਾਕਟਰ, ਇੰਜਨੀਅਰ, ਵਕੀਲ ਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਧਿਆਪਕ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੁੰਦੇ ਹਨ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ-ਨਾਲ ਚੰਗੇ ਗੁਣ ਭਰਨ ਲਈ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸਾਨੂੰ ਅਧਿਆਪਕਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਲਈ ਉਨਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਗਰੇਵਾਲ ਵੱਲੋਂ ਸਮੇਂ-ਸਮੇਂ ’ਤੇ ਸਿੱਖਿਆ ਸਬੰਧੀ ਆਪਣੇ ਹਲਕੇ ਦੀਆਂ ਰੱਖੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਜਲਦ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਲਈ ਇੱਕ ਆਈ.ਟੀ.ਆਈ. ਅਤੇ ਟਿੱਬਾ ਰੋਡ ’ਤੇ ਸਰਕਾਰੀ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਵਿਧਾਇਕ ਭੋਲਾ ਗਰੇਵਾਲ ਵੱਲੋਂ ਸਾਲ 2011 ਤੋਂ ਅਧਿਆਪਕਾਂ ਦੇ ਸਨਮਾਨ ਲਈ ਉਲੀਕੇ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਸੁਚਾਰੂ ਤੇ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ।
ਇਸ ਮੌਕੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸ਼ਰਨਪਾਲ ਸਿੰਘ ਮੱਕੜ, ਗੁਰਜੀਤ ਸਿੰਘ ਗਿੱਲ, ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵੱਖ ਵੱਖ ਵਾਰਡਾਂ ਦੇ ਕੌਂਸਲਰ, ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰਪਾਲ ਸਿੰਘ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਵੀ ਮੌਜੂਦ ਸਨ। ਸਮਾਗਮ ਦੇ ਅਖੀਰ ਵਿੱਚ ਵਿਧਾਇਕ ਗਰੇਵਾਲ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਗਿਆ।