ਮਾਛੀਵਾੜਾ ’ਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਾਛੀਵਾੜਾ ਵਿਚ ਲੋਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵਲੋਂ ਸਥਾਨਕ ਦੁਸ਼ਹਿਰਾ ਮੈਦਾਨ ਵਿਚ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਤੇ ਲਛਮਣ ਦੇ ਸਜਾਏ ਸਵਰੂਪਾਂ ਅੱਗੇ ਸੀਸ ਝੁਕਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਉਤਸਵ ਦੌਰਾਨ ਪੁੱਜੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ, ਡਾ. ਰਿਸਭ ਦੱਤ ਨੇ ਰਾਮਲੀਲਾ ਮੰਚਨ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਇਨ੍ਹਾਂ ਨੌਜਵਾਨਾਂ ਨੇ 12 ਰਾਤਾਂ ਪਵਿੱਤਰ ਗ੍ਰੰਥ ਰਮਾਇਣ ਦਾ ਮੰਚਨ ਕਰ ਭਗਵਾਨ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜਿਆ। ਦੁਸਹਿਰਾ ਮੈਦਾਨ ਵਿਚ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਲਗਾਏ ਗਏ ਜਿਨ੍ਹਾਂ ਨੂੰ ਅਗਨੀ ਦੇਣ ਤੋਂ ਪਹਿਲਾਂ ਰਾਮ ਭਗਤ ਸ਼ਰਧਾਲੂਆਂ ਵੱਲੋਂ ਖੂਬ ਆਤਿਸ਼ਬਾਜੀ ਕਰ ਭੰਗੜੇ ਪਾਏ ਗਏ। ਸ਼ਾਮ ਸੂਰਜ ਛਿਪਦਿਆਂ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਜਰੰਗ ਬਲੀ ਹਨੂੰਮਾਨ ਵਲੋਂ ਅਗਨੀ ਦਿਖਾਈ ਅਤੇ ਦੇਖਦੇ ਹੀ ਦੇਖਦੇ ਇਹ ਸਾਰੇ ਪੁਤਲੇ ਧੂ-ਧੂ ਕਰਕੇ ਜਲ ਉਠੇ ਅਤੇ ਬਦੀ ਇਸ ਅੱਗ ਵਿੱਚ ਜਲ ਕੇ ਰਾਖ ਹੋ ਗਈ। ਇਨ੍ਹਾਂ ਰਾਕਸ਼ਸ਼ਾਂ ਦੇ ਨਾਸ਼ ਤੋਂ ਬਾਅਦ ਲੋਕਾਂ ਨੂੰ ਸੱਚਾਈ ਅਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੋਇਆ ਇਹ ਦੁਸਹਿਰਾ ਮੇਲਾ ਸਮਾਪਤ ਹੋ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਮੋਹਿਤ ਕੁੰਦਰਾ, ਪ੍ਰਧਾਨ ਅਸ਼ੋਕ ਸੂਦ ਨੇ ਮੇਲੇ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਸੁਰਿੰਦਰ ਬਾਂਸਲ, ਭਾਜਪਾ ਆਗੂ ਸੰਜੀਵ ਲੀਹਲ, ਅਜੈ ਬਾਂਸਲ, ਨਿਰੰਜਨ ਨੂਰ ਤੋਂ ਇਲਾਵਾ ਪ੍ਰਬੰਧਕਾਂ ’ਚ ਪ੍ਰਮੋਦ ਜੈਨ, ਅਸ਼ੋਕ ਮੈਣ, ਕ੍ਰਿਸ਼ਨ ਚੋਪੜਾ, ਡੀ.ਡੀ. ਵਰਮਾ, ਸੰਜੀਵ ਰਿੰਕਾ, ਚੇਤਨ ਕੁਮਾਰ, ਪ੍ਰਿੰਸ ਮਿੱਠੇਵਾਲ, ਦੀਪਕ ਸੂਦ, ਸਨੀ ਸੂਦ, ਰਾਜਨ ਗੁਲਾਟੀ, ਬੋਬੀ ਸਚਦੇਵਾ, ਕ੍ਰਿਸ਼ਨ ਲਾਲ ਸਚਦੇਵਾ, ਜਗਜੀਤ ਮਹਿਰਾ, ਜਨਕ ਰਾਜ, ਪਵਨ ਬੱਤਰਾ, ਨੀਰਜ ਵਰਮਾ, ਵਿੱਕੀ ਕਪੂਰ, ਨਰੇਸ਼ ਖੇੜਾ, ਜਿੰਮੀ ਜੈਨ, ਭਾਰਤ ਜੈਨ, ਭੂਸ਼ਣ ਜੈਨ, ਦੀਪਕ ਕੁਮਾਰ, ਸੋਨੂੰ ਸਚਦੇਵਾ, ਬੱਬੂ ਜੁਨੇਜਾ, ਰਿੰਕੂ ਕੁਮਾਰ ਵੀ ਮੌਜੂਦ ਸਨ।