ਲੁਧਿਆਣਾ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦਸਹਿਰਾ
ਭਗਵਾਨ ਰਾਮ ਵੱਲੋਂ ਬੁਰਾਈ ਦੇ ਪ੍ਰਤੀਕ ਰਾਵਣ ਨੂੰ ਮਾਰਨ ਦੀ ਖੁਸ਼ੀ ਵਿੱਚ ਪੂਰੇ ਭਾਰਤ ਵਿੱਚ ਹਰ ਸਾਲ ਰਾਵਣ ਦੇ ਪੁਤਲੇ ਸਾੜ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਦਸਹਿਰਾ ਮੇਲਾ ਸ਼ਰਧਾ ਅਤੇ ਧੂਮ-ਧਾਮ ਨਾਲ ਮਲਾਇਆ ਗਿਆ। ਸ਼ਹਿਰ ਵਿੱਚ ਭਾਵੇਂ ਕਈ ਥਾਵਾਂ ’ਤੇ ਰਾਵਣ ਦੇ ਪੁਤਲੇ ਜਲਾਏ ਗਏ ਪਰ ਸਭ ਤੋਂ ਵੱਡਾ 121 ਫੁੱਟ ਦਾ ਰਾਵਣ ਦਰੇਸੀ ਮੈਦਾਨ ਵਿੱਚ ਜਲਾਇਆ ਗਿਆ।
ਸਨਅਤੀ ਸ਼ਹਿਰ ਲੁਧਿਆਣਾ ਅੱਜ ਸਾਰਾ ਦਿਨ ਦਸਹਿਰੇ ਦੇ ਰੰਗ ਵਿੱਚ ਰੰਗਿਆ ਗਿਆ। ਸ਼ਹਿਰ ਦੀ ਸ਼ਾਇਦ ਹੀ ਕੋਈ ਅਜਿਹੀ ਥਾਂ ਹੋਵੇ ਜਿੱਥੇ ਦਸਹਿਰਾ ਸਮਾਗਮ ਨਾ ਹੋਇਆ ਹੋਵੇ। ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਪੁਰਾਣੀ ਕਚਹਿਰੀ ਦੇ ਨੇੜੇ ਲੱਗੇ ਦਸਹਿਰੇ ਮੇਲੇ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਭਗਵਾਨ ਰਾਮ ਵੱਲੋਂ ਦਰਸਾਏ ਨੇਕੀ ਦੇ ਰਾਹ ’ਤੇ ਚੱਲਣ ਅਤੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਗਰੇਵਾਲ ਨੇ ਕਿਹਾ ਕਿ ਭਾਵੇਂ ਰਾਵਣ ਮਹਾਨ ਵਿਦਵਾਨ ਦੀ ਪਰ ਉਸ ਵੱਲੋਂ ਕੀਤੀ ਇੱਕ ਗਲਤੀ ਕਰਕੇ ਅੱਜ ਤੱਕ ਉਸ ਦੇ ਪੁਤਲੇ ਜਲਾਏ ਜਾ ਰਹੇ ਹਨ। ਉਹਨਾਂ ਨੇ ਹਾਜ਼ਰ ਲੋਕਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਦਸਹਿਰੇ ਦੀ ਵਧਾਈ ਦਿੱਤੀ। ਦਰੇਸੀ ਮੈਦਾਨ ਤੋਂ ਇਲਾਵਾ ਹੋਰ ਕਈ ਥਾਵਾਂ ਜਿਨ੍ਹਾਂ ’ਚ ਵਰਧਮਾਨ ਰੋਡ, ਪੁਰਾਣੀ ਕਚਿਹਰੀ ਰੋਡ, ਦੁਗਰੀ, ਫੋਕਲ ਪੁਆਇੰਟ ਆਦਿ ਥਾਵਾਂ ਸ਼ਾਮਲ ਹਨ ਵਿਖੇ 45, 50, 55 ਫੁੱਟ ਉੱਚੇ ਰਾਵਣ ਦੇ ਪੁਤਲੇ ਜਲਾਏ ਗਏ। ਮੇਲਾ ਮੈਦਾਨਾਂ ਵਿੱਚ ਰੰਗ-ਬਿਰੰਗੇ ਅਤੇ ਅਕਾਸ਼ ਨੂੰ ਛੂੰਹਦੇ ਝੂਲੇ ਨੌਜਵਾਨਾਂ ਅਤੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਭਾਵੇਂ ਇਸ ਵਾਰ ਝੂਲਿਆਂ ਦੇ ਰੇਟ ਵੀ ਅਸਮਾਨ ਛੂਹ ਰਹੇ ਸਨ ਪਰ ਝੂਟੇ ਲੈਣ ਦੇ ਸ਼ੌਕੀਨਾਂ ਦੀ ਵੀ ਕੋਈ ਕਮੀ ਦਿਖਾਈ ਨਹੀਂ ਦੇ ਰਹੀ ਸੀ। ਝੂਲਾ ਮਾਲਕਾਂ, ਸਰਕਸ ਅਤੇ ਹੋਰ ਕਰਤਵ ਦਿਖਾਉਣ ਵਾਲਿਆਂ ਵੱਲੋਂ ਸਪੀਕਰਾਂ ਰਾਹੀਂ ਉੱਚੀ ਉੱਚੀ ਬੋਲ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਰਿਹਾ ਸੀ। ਲੋਕਾਂ ਦੇ ਮਨੋਰੰਜਨ ਲਈ ਗਾਇਕਾਂ ਅਤੇ ਹੋਰ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਸਨ।
ਮੇਲਿਆਂ ਵਿੱਚ ਪਰਵਾਸੀ ਭਾਈਚਾਰੇ ਦੇ ਲੋਕਾਂ ਦਾ ਰਿਹਾ ਇਕੱਠ
ਦੋ ਦਹਾਕੇ ਪਹਿਲਾਂ ਤੱਕ ਲੁਧਿਆਣਾ ਵਿੱਚ ਲੱਗਦੇ ਦਸਹਿਰਾ ਮੇਲੇ ਵਿੱਚ ਵੱਡੀ ਗਿਣਤੀ ’ਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਲੋਕ ਸ਼ਾਮਲ ਹੁੰਦੇ ਸਨ ਪਰ ਜਿਉਂ ਜਿਊਂ ਜ਼ਿਲ੍ਹਾ ਉਦਯੋਗਿਕ ਇਕਾਈ ਵਜੋਂ ਮਸ਼ਹੂਰ ਹੋਣ ਲੱਗਾ ਇੱਥੋਂ ਦੇ ਮੇਲਿਆਂ ਵਿੱਚ ਪੰਜਾਬੀਆਂ ਨਾਲੋਂ ਪਰਵਾਸੀ ਭਾਈਚਾਰੇ ਦੇ ਲੋਕਾਂ ਦੀ ਸ਼ਮੂਲੀਅਤ ਵਧਦੀ ਗਈ। ਹੁਣ ਭਾਵੇਂ ਪੂਰੇ ਜ਼ਿਲ੍ਹੇ ਵਿੱਚ ਲੱਗੇ ਦਸਹਿਰਾ ਮੇਲਿਆਂ ਵਿੱਚ ਪਰਵਾਸੀ ਭਾਈਚਾਰੇ ਦੇ ਲੋਕ ਸ਼ਾਮਲ ਸਨ ਪਰ ਉਦਯੋਗਿਕ ਇਕਾਈਆਂ ਵਾਲੇ ਖੇਤਰਾਂ ਦੇ ਨੇੜੇ ਲੱਗੇ ਦਸਹਿਰੇ ਮੇਲਿਆਂ ਵਿੱਚ ਇਨ੍ਹਾਂ ਦਾ ਇਕੱਠ ਬਹੁਤ ਜ਼ਿਆਦਾ ਸੀ। ਇਨ੍ਹਾਂ ਥਾਵਾਂ ’ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਦਸਹਿਰੇ ਮੇਲੇ ਪੰਜਾਬ ਵਿੱਚ ਨਾ ਹੋ ਕੇ ਯੂਪੀ, ਬਿਹਾਰ ਵਰਗੇ ਸੂਬਿਆਂ ਵਿੱਚ ਲੱਗਾ ਹੋਵੇ। ਮੇਲੇ ਦੇ ਅੰਦਰ ਅਤੇ ਆਲੇ-ਦੁਆਲੇ ਵੀ ਪਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਵੱਖ ਵੱਖ ਸਮਾਨ ਦੀਆਂ ਫੜ੍ਹੀਆਂ/ਰੇਹੜੀਆਂ ਲਾਈਆਂ ਹੋਈਆਂ ਸਨ।