ਮਦਰ ਟੈਰੇਸਾ ਸਕੂਲ ’ਚ ਦਸਹਿਰਾ ਅਤੇ ਗਾਂਧੀ ਜੈਅੰਤੀ ਮਨਾਈ
ਇਥੋਂ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਸਹਿਰਾ ਅਤੇ ਗਾਂਧੀ ਜੈਅੰਤੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਆਰੰਭ ਪ੍ਰਾਰਥਾ ਨਾਲ ਹੋਇਆ ਜਿਸ ਉਪਰੰਤ ਵਿਦਿਆਰਥੀਆਂ ਨੇ ਗਾਂਧੀ ਦੇ ਜੀਵਨ ’ਤੇ ਅਧਾਰਿਤ ਭਜਨ ਗਾਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਰਾਮਲ੍ਹੀਲਾ ਦਾ ਸੁੰਦਰ ਮੰਚਨ ਕੀਤਾ ਜਿਸ ਵਿਚ ਭਗਵਾਨ ਰਾਮ ਦੀ ਬੁਰਾਈ ’ਤੇ ਜਿੱਤ ਦਾ ਦਰਸ਼ਨ ਕਰਵਾਇਆ ਗਿਆ। ਇਸ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਦੇ ਜੀਵਨ ’ਤੇ ਭਾਸ਼ਨ ਦਿੰਦਿਆਂ ਸੱਚ, ਅਹਿੰਸਾ ਅਤੇ ਸਵਦੇਸ਼ੀ ਦੇ ਸੁਨੇਹੇ ਨੂੰ ਉਜਾਗਰ ਕੀਤਾ। ਸਕੂਲ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਕਿ ਦੁਸਹਿਰਾ ਸਾਨੂੰ ਇਹ ਪ੍ਰੇਰਨਾ ਦਿੰਦਾ ਹੈ ਕਿ ਬੁਰਾਈ ਕਦੇ ਵੀ ਜ਼ਿਆਦਾ ਸਮਾਂ ਨਹੀਂ ਟਿਕ ਸਕਦੀ। ਜ਼ਿੰਦਗੀ ਵਿਚ ਸੱਚ, ਨੇਕੀ ਅਤੇ ਧਰਮ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾਂ ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਰਾਹ ਬਣਾਉਣ। ਪ੍ਰਿੰਸੀਪਲ ਅੰਜੂ ਭਾਟੀਆ ਨੇ ਗਾਂਧੀ ਜੇਅੰਤੀ ਦੇ ਮਹੱਤਵ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਮਹਾਤਮਾ ਗਾਂਧੀ ਸਿਰਫ਼ ਭਾਰਤ ਦੇ ਹੀ ਨਹੀਂ ਸਗੋਂ ਸਾਰੀ ਦੁਨੀਆ ਲਈ ਪ੍ਰੇਰਣਾ ਸ੍ਰੋਤ ਹਨ। ਉਨ੍ਹਾਂ ਬੁਰਾਈ ਤੋਂ ਬਚਣ, ਸੱਚ ਦੀ ਰਾਹ ਤੇ ਤੁਰਨ ਅਤੇ ਗਾਂਧੀ ਜੀ ਦੇ ਜੀਵਨ ਮੁੱਲਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ। ਅੰਤ ਵਿਚ ਵਿਦਿਆਰਥੀਆਂ ਅਤੇ ਸਟਾਫ਼ ਮੈਬਰਾਂ ਨੇ ਮਿਲ ਕੇ ਸਹੁੰ ਚੁੱਕੀ ਕਿ ਉਹ ਆਪਣੀ ਜ਼ਿੰਦਗੀ ਵਿਚ ਸੱਚਾਈ, ਅਹਿੰਸਾ, ਅਨੁਸਾਸ਼ਨ ਅਤੇ ਮਿਹਨਤ ਨਾਲ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ।