ਮੈਕਸ ਸਕੂਲ ਵਿੱਚ ਦਸਹਿਰਾ ਤੇ ਗਾਂਧੀ ਜੈਅੰਤੀ ਮਨਾਈ
ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਵਿੱਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਦੁਆਰਾ ਦੁਸਹਿਰਾ ਅਤੇ ਗਾਂਧੀ ਜਯੰਤੀ ਮਨਾਈ ਗਈ। ਵਿਦਿਆਰਥੀਆਂ ਨੇ ਘਰ ਬੈਠੇ ਹੀ ਇਸ ਖ਼ਾਸ ਦਿਨ ਨੂੰ ਬੜੇ ਉਤਸ਼ਾਹ ਨਾਲ਼ ਮਨਾਇਆ। ਇਹ ਗਤਿਵਿਧੀ ਚਾਰ ਅਲੱਗ-ਅਲੱਗ ਸਕੂਲ ਹਾਊਸ (ਮਰਕਰੀ, ਮਾਰਸ, ਵੀਨਸ, ਜੂਪੀਟਰ) ਵਿਚ ਕਰਵਾਏ ਗਏ। ਤੀਜੀ ਜਮਾਤ ਤੋਂ ਲੈ ਕੇ ਪੰਜਵੀਂ ਤੱਕ ਦੇ ਬੱਚਿਆਂ ਨੇ ਰਾਵਣ ਦਾ ਪੁਤਲਾ ਅਤੇ ਗਾਂਧੀ ਜੀ ਦੀ ਯਾਦ ਵਿੱਚ ਰੂਈ ਜਾਂ ਧਾਗਾ ਕੱਤਣ ਵਾਲਾ ਚਰਖਾ ਬਣਾਇਆ। ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਪੁਤਲੀ ਨਾਟਕ ਤਿਆਰ ਕੀਤੇ ਅਤੇ ਗਾਂਧੀ ਜੀ ਦੇ ਜੀਵਨ ਨਾਲ ਸਬੰਧਿਤ ਸੱਚਾਈ, ਅਹਿੰਸਾ, ਸਾਦਗੀ, ਆਤਮ-ਨਿਰਭਰਤਾ, ਸਹਿਣਸ਼ੀਲਤਾ, ਅਨੁਸ਼ਾਸਨ, ਸੇਵਾ -ਭਾਵਨਾ ਆਦਿ ਨੂੰ ਦਰਸਾਉਂਦੇ ਹੋਏ ਪੋਸਟਰ ਤਿਆਰ ਕੀਤੇ ਗਏ। ਨੌਵੀਂ ਜਮਾਤ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਗਾਂਧੀ ਜੀ ਦਾ ਇੱਕ ਮਸ਼ਹੂਰ ਨਾਅਰਾ “ਬਦਲਾਅ ਖੁਦ ਬਣੋ” ਨਾਲ ਸਬੰਧਿਤ ਸਲੋਗਨ ਤਿਆਰ ਕੀਤੇ ਗਏ। ਇਸ ਗਤੀਵਿਧੀ ਨਾਲ ਸਬੰਧਤ ਤਸਵੀਰਾਂ ਵਿਦਿਆਰਥੀਆਂ ਨੇ ਆਪਣੇ ਕਲਾਸ ਇੰਚਾਰਜਸ ਨਾਲ ਮੋਬਾਈਲ ‘ਤੇ ਜਮਾਤ ਅਨੁਸਾਰ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ. ਮੋਨਿਕਾ ਮਲਹੌਤਰਾ ਨੇ ਵਿਦਿਆਰਥੀਆਂ ਨੂੰ ਉਪਦੇਸ਼ ਦਿੰਦੇ ਹੋਏ ਸੱਚ ਅਤੇ ਅਹਿੰਸਾ ਦੇ ਰਾਹ ’ਤੇ ਚੱਲਣ ਲਈ ਕਿਹਾ।