ਪੁਰਾਣੀ ਪੈਨਸ਼ਨ ਬਹਾਲੀ ਮਾਰਚ ’ਚ ਸ਼ਾਮਲ ਹੋਵੇਗੀ ਡੀ ਟੀ ਐੱਫ
ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਸੂਬਾ ਪੱਧਰੀ ਭਰਵੀਂ ਮੀਟਿੰਗ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਢੋਲ ਪਿੱਟਣ ਵਾਲੀ 'ਆਪ' ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਦੇ ਲਗਭਗ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਹੱਕੀ ਮੰਗ ਲਾਗੂ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਦੋ ਨਵੰਬਰ ਨੂੰ ਤਰਨਤਾਰਨ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਸੂਬੇ ਭਰ ਵਿੱਚੋਂ ਲਗਭਗ ਪੰਜ ਸੌ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵਲੋਂ ਪਹਿਲੀ ਵਾਰ ਮੁਲਾਜ਼ਮ ਹਿੱਤਾਂ ਨੂੰ ਅੱਖੋਂ-ਪਰੋਖੇ ਕਰਕੇ ਦੀਵਾਲੀ 'ਤੇ ਖਾਲੀ ਖੀਸਾ ਦਿਖਾਇਆ ਗਿਆ ਹੈ। ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਭਰ ਵਿੱਚੋਂ ਅਧਿਆਪਕਾਂ ਵਲੋਂ ਜਥੇਬੰਦੀ ਨੂੰ ਲੱਗਭਗ 31 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਗਏ ਹਨ। ਇਸ ਵਿੱਚੋਂ ਹੁਣ ਤਕ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਪ੍ਰਭਾਵਿਤ ਖੇਤਰਾਂ ਵਿੱਚ 12 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਬਕਾਇਆ ਰਾਸ਼ੀ ਜਲਦੀ ਹੀ ਲੋੜਵੰਦ ਸਕੂਲੀ ਵਿਦਿਆਰਥੀਆਂ ਅਤੇ ਬਾਕੀ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀ ਦੀ ਬੋਰਡ ਦੀ ਸਮੁੱਚੀ ਫ਼ੀਸ ਮੁਆਫ਼ ਕੀਤੀ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਦਾਤਾ ਸਿੰਘ ਨਮੋਲ, ਪਲਵਿੰਦਰ ਸਿੰਘ ਗੁਰਦਾਸਪੁਰ, ਹਰਜੀਤ ਸਿੰਘ ਸੁਧਾਰ, ਸ਼ਬੀਰ ਖਾਨ ਮਲੇਰਕੋਟਲਾ, ਬਲਰਾਮ ਸ਼ਰਮਾ ਫਿਰੋਜ਼ਪੁਰ, ਜਗਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਤਲਵਿੰਦਰ ਸਿੰਘ ਖਰੌੜ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਕਮੇਟੀਆਂ ਦੇ ਆਗੂ ਹਾਜ਼ਰ ਸਨ।
