ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕਾਂ ਨੂੰ ਗ਼ੈਰ ਵਿਦਿਅਕ ਕੰਮਾਂ ’ਚ ਉਲਝਾਉਣ ਦੀ ਡੀਟੀਐਫ ਵੱਲੋਂ ਨਿਖੇਧੀ

ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਸਿਖਲਾਈ ਇੱਕੋ ਸਮੇਂ ਰੱਖਣ ਦੇ ਨਿਰਦੇਸ਼
Advertisement

ਸਿਖਿਆ ਵਿਭਾਗ ਵਲੋਂ ਬਗੈਰ ਕੋਈ ਵਿਦਿਅਕ ਕੈਲੰਡਰ ਬਣਾਏ ਅਧਿਆਪਕਾਂ ਨੂੰ ਇੱਕੋ ਸਮੇਂ ਵੱਖ-ਵੱਖ ਕੰਮਾਂ ਵਿੱਚ ਉਲਝਾਉਣ ਦੀ ਸਖ਼ਤ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਜ਼ੋਰਦਾਰ ਨਿਖੇਧੀ ਕੀਤੀ ਹੈ। ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਰਮਨਜੀਤ ਸਿੰਘ ਸੰਧੂ, ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਸੂਬੇ ਦੇ ਸਕੂਲਾਂ ਵਿੱਚ ਸਤੰਬਰ ਮਹੀਨੇ ਦੀਆਂ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ ਜੋ ਅਗਲੇ ਹਫ਼ਤੇ ਤੱਕ ਚਲਣਗੀਆਂ ਅਤੇ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸ਼ੁਰੂ ਹੋ ਰਹੀਆਂ ਹਨ। ਸਿੱਖਿਆ ਵਿਭਾਗ ਨੇ ਜਿਨ੍ਹਾਂ ਦਿਨਾਂ ਵਿੱਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਉਣ ਦੇ ਹੁਕਮ ਦਿੱਤੇ ਸਨ ਹੁਣ ਉਨ੍ਹਾਂ ਦਿਨਾਂ ਵਿੱਚ ਹੀ ਸਕੂਲਾਂ ਵਿੱਚ ਨਵੀਆਂ ਬਣੀਆਂ ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐੱਮ.ਸੀ.) ਦੀਆਂ ਟਰੇਨਿੰਗਾਂ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਤੰਬਰ ਟਰਮ ਪ੍ਰੀਖਿਆਵਾਂ ਦੇ ਨਾਲ ਹੀ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਸੂਬੇ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.) ਦਾ ਕੰਮ ਚੱਲ ਰਿਹਾ ਹੈ ਜਿਸ ਲਈ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਪਹਿਲਾਂ ਹੀ ਅਧਿਆਪਕਾਂ ਨੂੰ ਸਕੂਲਾਂ ਤੋਂ ਫ਼ਾਰਗ ਕਰਵਾ ਕੇ ਬੀ.ਐੱਲ.ਓ. ਦੇ ਕੰਮਾਂ ਉੱਤੇ ਤਾਇਨਾਤ ਕੀਤਾ ਹੋਇਆ ਹੈ। ਇਸ ਭੰਬਲਭੂਸੇ ਵਿੱਚ ਫ਼ਸੇ ਅਧਿਆਪਕ ਇਸ ਦੁਚਿੱਤੀ ਵਿੱਚ ਹਨ ਕਿ ਉਹ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਲੈ ਕੇ ਜਾਣ, ਐੱਸ.ਐੱਮ.ਸੀ. ਦੀਆਂ ਟ੍ਰੇਨਿੰਗਾਂ ਵਿੱਚ ਭਾਗ ਲੈਣ ਜਾਂ ਬੀ.ਐੱਲ.ਓ. ਡਿਊਟੀ ਕਰਨ?

ਡੀ.ਟੀ.ਐਫ ਲੁਧਿਆਣਾ ਦੇ ਆਗੂਆਂ ਬਲਵੀਰ ਸਿੰਘ ਬਾਸੀਆਂ, ਰਜਿੰਦਰ ਜੰਡਿਆਲੀ, ਅਵਤਾਰ ਸਿੰਘ ਖ਼ਾਲਸਾ, ਜੰਗਪਾਲ ਰਾਏਕੋਟ ਨੇ ਕਿਹਾ ਕਿ ਸਰਕਾਰ ਸੂਬੇ ਦੀ ਸਿੱਖਿਆ ਨੂੰ ਲੈ ਕੇ ਜ਼ਰਾ ਵੀ ਗੰਭੀਰ ਨਹੀਂ ਹੈ। ਸੂਬੇ ਦੀਆਂ ਬਹੁਤ ਸਾਰੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਸਿਆਸੀ ਦਖਲ ਅੰਦਾਜੀ ਦੇ ਅਜੰਡੇ ਤਹਿਤ ਨਿਯਮਾਂ ਵਿੱਚ ਕੀਤੀਆਂ ਗੈਰ ਵਾਜਬ ਤਬਦੀਲੀਆਂ ਰਾਹੀਂ ਆਪਣੇ ਸਿਆਸੀ ਚਹੇਤਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤਰ੍ਹਾਂ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਬੇਲੋੜੇ ਸਿਆਸੀ ਦਖ਼ਲ ਨੂੰ ਹਵਾ ਦਿੱਤੀ ਜਾ ਰਹੀ ਹੈ ਉੱਥੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਇੱਕੋ ਸਮੇਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਉਲਝਾ ਕੇ ਸਕੂਲਾਂ ਦਾ ਵਿਦਿਅਕ ਮਾਹੌਲ ਲੀਰੋ ਲੀਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਦਾ ਵਿੱਦਿਅਕ ਅਤੇ ਖੇਡ ਕੈਲੰਡਰ ਹਰ ਵਰ੍ਹੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਮੇਂ ਹੀ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਧਿਆਪਕ ਅਤੇ ਵਿਦਿਆਰਥੀ ਅਜਿਹੀਆਂ ਘੁੰਮਣਘੇਰੀਆਂ ਵਿੱਚ ਨਾ ਪੈਣ। ਇਸ ਸਮੇਂ ਰਕੇਸ਼ ਪੁਹੀੜ, ਅਮਨਦੀਪ ਵਰਮਾ, ਪਰਮਿੰਦਰ ਸਿੰਘ ਮਲੌਦ, ਜਸਵਿੰਦਰ ਸਿੰਘ ਐਤੀਆਣਾ ਹਾਜ਼ਰ ਸਨ।

Advertisement

Advertisement
Show comments