ਬੱਸ ਚਾਲਕ ਦੇ ਹੱਕ ’ਚ ਨਿੱਤਰੇ ਡਰਾਈਵਰ
ਕੁੱਟਮਾਰ ਦਾ ਸ਼ਿਕਾਰ ਸਕੂਲ ਬੱਸ ਚਾਲਕ ਦੇ ਹੱਕ ਵਿੱਚ ਹੋਰ ਬੱਸਾਂ ਦੇ ਡਰਾਈਵਰ ਨਿੱਤਰ ਆਏ ਹਨ। ਸਕੂਲੀ ਬੱਸ ਹੇਠ ਪਾਲਤੂ ਕੁੱਤਾ ਆਉਣ ਕਾਰਨ ਕੁੱਤੇ ਦੇ ਮਾਲਕਾਂ ਵੱਲੋਂ ਡਰਾਈਵਰ ਦੀਦਾਰ ਸਿੰਘ ਦੀ ਕੁੱਟਮਾਰ ਕੀਤੀ ਗਈ ਸੀ। ਪੁਲੀਸ ਵਲੋਂ ਇਸ ਸਬੰਧੀ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਸੌਰਵ ਰਾਣਾ, ਮਨਪ੍ਰੀਤ ਸਿੰਘ, ਗੌਰਵ ਰਾਣਾ ਵਾਸੀ ਕੱਚਾ ਮਾਛੀਵਾੜਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਅੱਜ ਮਾਛੀਵਾੜਾ ਇਲਾਕੇ ਦੇ ਭਾਰੀ ਗਿਣਤੀ ਵਿੱਚ ਸਕੂਲੀ ਬੱਸ ਡਰਾਈਵਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਨਿੱਕਾ ਸਿੰਘ ਖੇੜਾ ਕੁੱਟਮਾਰ ’ਚ ਜ਼ਖ਼ਮੀ ਹੋਏ ਦੀਦਾਰ ਸਿੰਘ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਕੁਦਰਤੀ ਵਾਪਰੇ ਹਾਦਸੇ ਕਾਰਨ ਡਰਾਈਵਰ ਦੀ ਕੁੱਟਮਾਰ ਬਹੁਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਕਰ ਕੇ ਡਰਾਈਵਰ ਦੀ ਵੀਡੀਓ ਵਾਈਰਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿੱਖ ਡਰਾਈਵਰ ਦੀ ਦਸਤਾਰ ਵੀ ਕਥਿਤ ਤੌਰ ’ਤੇ ਉਤਾਰੀ ਗਈ ਜੋ ਕਿ ਇੱਕ ਬੇਅਦਬੀ ਦੀ ਘਟਨਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ। ਉਧਰ, ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਵਲੋਂ ਡਰਾਈਵਰ ਦੀਦਾਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਧਾਰਾਵਾਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 
 
             
            