ਕਾਂਗਰਸ ਛੱਡ ਕੇ ਦਰਜਨਾਂ ਪਰਿਵਾਰ ‘ਆਪ’ ’ਚ ਸ਼ਾਮਲ
ਗਗਨਦੀਪ ਅਰੋੜਾ
ਲੁਧਿਆਣਾ, 5 ਜੂਨ
ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ‘ਆਪ’ ਨੇ ਫਿਰ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ। ਵੀਰਵਾਰ ਨੂੰ ਜ਼ਿਮਨੀ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਚੰਦਨ ਚਨਾਲੀਆ ਸਮੇਤ ਲਗਪਗ ਦੋ ਦਰਜਨ ਕਾਂਗਰਸੀ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਅਤੇ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੀ ਮੌਜੂਦਗੀ ਵਿੱਚ ਸਾਰੇ ਆਗੂਆਂ ਅਤੇ ਪਰਿਵਾਰਾਂ ਦਾ ਰਸਮੀ ਤੌਰ ’ਤੇ ਪਾਰਟੀ ਵਿੱਚ ਸਵਾਗਤ ਕੀਤਾ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਿੱਖਿਆ ਸ਼ਾਸਤਰੀ ਸਿੰਮੀ ਚੋਪੜਾ ਪਸ਼ਾਨ, ਵਿਨਾਇਕ ਪਸ਼ਾਨ, ਚੰਦਰਜੀਤ ਕਰਨ, ਰਣਬੀਰ ਸਿੰਘ (ਸੇਵਾਮੁਕਤ ਪੁਲੀਸ ਅਧਿਕਾਰੀ ਅਤੇ ਸਾਬਕਾ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ), ਐਡਵੋਕੇਟ ਜੀਵਨਜੋਤ, ਐਡਵੋਕੇਟ ਮਮਮਤ ਅਰੋੜਾ ਅਤੇ ਮਨੀਸ਼ ਅਗਰਵਾਲ ਸ਼ਾਮਲ ਹਨ। ਕਾਂਗਰਸ ਤੋਂ ਆਏ ਲੋਕਾਂ ਵਿਚ ਵਰੁਣ ਸ਼ਰਮਾ (ਵਾਰਡ 60), ਪ੍ਰਿਅੰਕਾ ਸ਼ਰਮਾ (ਵਾਰਡ 60), ਸੌਰਵ ਅਰੋੜਾ (ਵਾਰਡ 57), ਰਾਜਾ ਸਿੰਘ (ਵਾਰਡ 73), ਰਾਜੇਸ਼ ਬਿੰਦਰਾ (ਵਾਰਡ 73), ਅਸ਼ਵਨੀ ਭਾਰਦਵਾਜ (ਵਾਰਡ 73), ਵਿੱਕੀ ਗੌਰਵ (ਵਾਰਡ 73), ਯਸ਼ਪਾਲ ਸ਼ਰਮਾ (ਵਾਰਡ 73), (ਵਾਰਡ 73), ਰਵੀ ਬਾਲੀ, ਰਜਿੰਦਰ ਕੌਰ, ਪਿਤੁ ਗਿੱਲ, ਕਮਲ ਧੀਰ, ਰੁਪਿੰਦਰ ਸਿੰਘ, ਨੀਨਾ ਭੱਠਲ, ਕੁੱਕੂ ਗਰੇਵਾਲ, ਮਮਤਾ ਮਹਿਤਾ, ਅਨੂ ਕਾਲੀਆ, ਮਨਿੰਦਰ ਬੱਗਾ, ਜਸਲੀਨ ਕੌਰ, ਸਮਰ ਬਜਾਜ, ਰੀਤੂ ਕਪੂਰ ਅਤੇ ਮਧੂ ਥਾਪਰ ਸ਼ਾਮਲ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਬਿਜਲੀ, ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਬਹੁਤ ਖ਼ੁਸ਼ ਹਨ। ਹਰ ਵਰਗ ਅਤੇ ਸਮਾਜ ਦੇ ਲੋਕ ਸਰਕਾਰ ਦਾ ਸਮਰਥਨ ਕਰ ਰਹੇ ਹਨ ਅਤੇ ਲਗਾਤਾਰ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੇ ਸ਼ਾਮਲ ਹੋਣ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਔਰਤਾਂ ਦੇ ਸ਼ਾਮਲ ਹੋਣ ਤੋਂ ਬਹੁਤ ਪ੍ਰਭਾਵਿਤ ਹਾਂ। ਪਾਰਟੀ ਸੰਗਠਨ ਅਤੇ ਸਰਕਾਰ ਵਿੱਚ ਸਾਰਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ।
ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ 44 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ਦਾ ਪੇਪਰ ਪਾਸ ਕੀਤਾ ਹੈ। ਹੁਣ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਕਾਰੀ ਇੰਜੀਨੀਅਰਿੰਗ ਸੰਸਥਾ, ਆਈਆਈਟੀ ਵਿੱਚ ਦਾਖਲਾ ਮਿਲੇਗਾ। ਅਸੀਂ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਨੇ ਕੋਚਿੰਗ ’ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ। ਸਾਰਿਆਂ ਨੂੰ ਮੁਫ਼ਤ ਕੋਚਿੰਗ ਅਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ।
ਕਾਂਗਰਸ ਦੀ ਆਪਸੀ ਲੜਾਈ ਖਤਮ ਨਹੀਂ ਹੋ ਰਹੀ ਅਤੇ ਭਾਜਪਾ ਮੈਦਾਨ ਛੱਡ ਕੇ ਭੱਜੀ: ਮਾਨ
ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ, ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਦੇ ਆਪਸੀ ਝਗੜੇ ਕਦੇ ਖਤਮ ਨਹੀਂ ਹੁੰਦੇ। ਜਦੋਂ ਕਿ ਭਾਜਪਾ ਮੈਦਾਨ ਛੱਡ ਕੇ ਭੱਜ ਗਈ। ਹੁਣ ਉਹ ਕਹਿਣ ਲੱਗ ਪਏ ਹਨ ਕਿ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਿਛਲੀ ਵਾਰ ਵੀ ਹੰਕਾਰ ਨੂੰ ਹਰਾਇਆ ਸੀ ਅਤੇ ਇਸ ਵਾਰ ਵੀ ਹੰਕਾਰ ਨੂੰ ਹਰਾਉਣਗੇ।