ਦੋਰਾਹਾ ਕੌਂਸਲ ਅਧਿਕਾਰੀਆਂ ਵੱਲੋਂ ਟੈਕਸ ਨਾ ਦੇਣ ’ਤੇ ਫੈਕਟਰੀ ਸੀਲ
ਅੱਜ ਇਥੋਂ ਦੇ ਨਗਰ ਕੌਂਸਲ ਅਧਿਕਾਰੀਆਂ ਨੇ ਦੋਰਾਹਾ ਜਰਨੈਲੀ ਸੜਕ ਦੇ ਨਾਲ ਸਰਵਿਸ ਰੋਡ ਤੇ ਸਥਿਤ ਐਨਰੋ ਸਟੀਲਜ਼ ਪ੍ਰਾਈਵੇਟ ਲਿਮਟਿਡ ਫੈਕਟਰੀ ਨੂੰ ਸੀਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲ ਅਧਿਕਾਰੀਆਂ ਦੀ ਇਕ ਟੀਮ ਨੇ ਅਚਾਨਕ ਉਕਤ ਫੈਕਟਰੀ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਫੈਕਟਰੀ ਨੂੰ ਸੀਲ ਕਰ ਦਿੱਤਾ। ਇਸ ਮੌਕੇ ਅਧਿਕਾਰੀਆਂ ਨਾਲ ਸ਼ਾਮਲ ਕੌਂਸਲ ਦੇ ਕਾਰਜਸਾਧਕ ਅਫ਼ਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਫੈਕਟਰੀ ਮਾਲਕ ਨੂੰ ਟੈਕਸ ਦੇ ਬਕਾਏ ਸਬੰਧੀ ਵਾਰ-ਵਾਰ ਨੋਟਿਸ ਭੇਜੇ ਗਏ ਸਨ ਪਰ ਉਨ੍ਹਾਂ ਸਰਕਾਰੀ ਟੈਕਸ ਬਕਾਏ ਦਾ ਭੁਗਤਾਨ ਨਹੀਂ ਕੀਤਾ, ਜਿਸ ਕਾਰਨ ਕੌਂਸਲ ਵੱਲੋਂ ਅੱਜ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਹਾਲੇ ਵੀ ਫੈਕਟਰੀ ਮਾਲਕ ਕੌਂਸਲ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਿਹਾ ਤਾਂ ਭਵਿੱਖ ਵਿੱਚ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰ ਫਰਮਾਂ ਦੇ ਮਾਲਕਾਂ ਨੂੰ ਵੀ ਕੌਂਸਲ ਦਾ ਬਕਾਇਆ ਟੈਕਸ ਅਦਾ ਕਰਨ ਦਾ ਸੁਨੇਹਾ ਦਿੱਤਾ ਤਾਂ ਜੋ ਵਿਭਾਗੀ ਕਾਰਵਾਈ ਤੋਂ ਬਚਿਆ ਜਾ ਸਕੇ।