ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ’ਚ ਵਿਘਨ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦਿਨੋਂ ਦਿਨ ਟ੍ਰੈਫਿਕ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਜਾਮ ਦਾ ਮੁੱਖ ਕਾਰਨ ਲੋਕਾਂ ਵੱਲੋਂ ਸੜਕਾਂ ’ਤੇ ਗਲਤ ਤਰੀਕੇ ਖੜ੍ਹਾਏ ਗਏ ਵਾਹਨ ਅਤੇ ਦੁਕਾਨਾਂ ਵਾਲਿਆਂ ਵੱਲੋਂ ਸੜਕਾਂ ’ਤੇ ਲਾਈਆਂ ਫੜ੍ਹੀਆਂ ਆਦਿ ਬਣ ਰਹੀਆਂ ਹਨ। ਅਜਿਹੇ ਵਾਹਨ ਚਾਲਕਾਂ ਅਤੇ ਨਾਜਾਇਜ਼ ਫੜ੍ਹੀ ਲਾਉਣ ਵਾਲਿਆਂ ’ਤੇ ਭਾਵੇਂ ਟ੍ਰੈਫਿਕ ਪੁਲੀਸ ਅਤੇ ਸਬੰਧਤ ਵਿਭਾਗ ਵੱਲੋਂ ਕਾਰਵਾਈ ਤੇਜ਼ ਕੀਤੀ ਹੋਈ ਹੈ ਪਰ ਹਾਲੇ ਵੀ ਬਹੁਤ ਸਾਰੀਆਂ ਥਾਵਾਂ ’ਤੇ ਆਵਾਜਾਈ ’ਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਲੁਧਿਆਣਾ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਲੱਗਦੇ ਜਾਮ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਟ੍ਰੈਫਿਕ ਪੁਲੀਸ ਅਤੇ ਸਬੰਧਤ ਵਿਭਾਗ ਵੱਲੋਂ ਮੁਹਿੰਮ ਤੇਜ਼ ਕੀਤੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਸਮਰਾਲਾ ਚੌਕ, ਘੁਮਾਰ ਮੰਡੀ, ਚੌੜਾ ਬਾਜ਼ਾਰ, ਦਰੇਸੀ ਗਰਾਊਂਡ ਅਤੇ ਹੋਰ ਅਜਿਹੀਆਂ ਸੜਕਾਂ ’ਤੇ ਗਲਤ ਪਾਰਕ ਕੀਤੀਆਂ ਗੱਡੀਆਂ ਅਤੇ ਫੜ੍ਹੀਆਂ ਚੁਕਵਾਈਆਂ ਗਈਆਂ। ਇਸ ਦੌਰਾਨ ਕਈਆਂ ਨੂੰ ਚਿਤਾਵਨੀ ਦਿੱਤੀ ਗਈ ਅਤੇ ਕਈਆਂ ਦੇ ਚਲਾਨ ਵੀ ਕੱਟੇ ਗਏ। ਹੈਰਾਨੀ ਵਾਲੀ ਗੱਲ ਹੈ ਕਿ ਸ਼ਹਿਰ ਦੀਆਂ ਹੋਰ ਸੜਕਾਂ ’ਤੇ ਲੋਕਾਂ ਵੱਲੋਂ ਹਾਲੇ ਵੀ ਫੜ੍ਹੀਆਂ ਲਾ ਕੇ ਅਤੇ ਸੜਕਾਂ ’ਤੇ ਗੱਡੀਆਂ ਅਤੇ ਹੋਰ ਵਾਹਨ ਖੜ੍ਹੇ ਕਰਕੇ ਟ੍ਰੈਫਿਕ ਲਈ ਅੜਿੱਕਾ ਪੈਦਾ ਕੀਤਾ ਜਾ ਰਿਹਾ ਹੈ। ਕਈ ਫੜ੍ਹੀਆਂ ਵਾਲਿਆਂ ਨੇ ਤਾਂ ਪੈਦਲ ਚੱਲਣ ਲਈ ਬਣਾਏ ਫੁੱਟਪਾਥ ਤੱਕ ’ਤੇ ਵੀ ਪੱਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਫਿਰੋਜ਼ਪੁਰ ਰੋਡ ’ਤੇ ਪੈਂਦੇ ਵੱਡੇ-ਵੱਡੇ ਸ਼ੋਅ ਰੂਮਾਂ ਦੇ ਬਾਹਰ ਸਣੇ ਤਾਜਪੁਰ ਰੋਡ, ਜਮਾਲਪੁਰ ਚੌਕ, ਨਗਰ ਨਿਗਮ ਦਫਤਰ ਦੇ ਬਿਲਕੁਲ ਨਾਲ ਮਾਤਾ ਰਾਣੀ ਚੌਕ, ਤਿਕੌਣਾ ਪਾਰਕ ਨੇੜੇ, ਵਰਧਮਾਨ ਰੋਡ, ਗੁਰੂ ਅਰਜਨ ਦੇਵ ਨਗਰ, ਕਸ਼ਮੀਰ ਨਗਰ, ਜੋਧੇਵਾਲ ਬਸਤੀ, ਡਵੀਜ਼ਨ ਨੰਬਰ ਤਿੰਨ, ਰਾਹੋਂ ਰੋਡ ਆਦਿ ਸਮੇਤ ਹੋਰ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਅਜਿਹੇ ਨਾਜਾਇਜ਼ ਕਬਜ਼ੇ ਅਤੇ ਵਾਹਨਾਂ ਦੀ ਗਲਤ ਪਾਰਕਿੰਗ ਕਰਨਾ ਆਮ ਗੱਲ ਹੋ ਗਈ ਹੈ। ਦੂਜੇ ਪਾਸੇ ਸ਼ੋਸ਼ਲ ਮੀਡੀਆ ਰਾਹੀਂ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਵੱਲੋਂ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਸੜਕਾਂ ’ਤੇ ਗੱਡੀਆਂ ਦੀ ਗਲਤ ਪਾਰਕਿੰਗ ਨਾ ਕਰਨ, ਦੁਕਾਨਾਂ ਦੇ ਬਾਹਰ ਨਿਰਧਾਰਿਤ ਥਾਂ ਤੋਂ ਵੱਧ ਸਾਮਾਨ ਨਾ ਰੱਖਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਅਜਿਹਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਪਰ ਜੇ ਉਨ੍ਹਾਂ ਵੱਲੋਂ ਦੁਬਾਰਾ ਉਲੰਘਣਾ ਕੀਤੀ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
