ਸਾਹਿਤ ਸਭਾ ਦੀ ਇਕੱਤਰਤਾ ’ਚ ਰਚਨਾਵਾਂ ’ਤੇ ਬਹਿਸ
ਇੱਥੋਂ ਦੇ ਏ ਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇੱਕਤਰਤਾ ਨਰਿੰਦਰ ਸਿੰਘ ਮਣਕੂ ਦੀ ਅਗਵਾਈ ਹੇਠ ਹੋਈ। ਸਭ ਤੋਂ ਪਹਿਲਾਂ ਪੰਜਾਬੀ ਸਾਹਿਤਕਾਰ ਮਨਜੀਤ ਸਿੰਘ ਘੁੰਮਣ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਸਿੰਘ ਬਿੱਟੂ ਨੇ ਵਾਰ ਬਾਬਾ ਬੰਦਾ ਸਿੰਘ ਬਹਾਦਰ, ਦਵਿੰਦਰ ਸਿੰਘ ਨੇ ਗੀਤ ਮੈਂ ਤੇਰੀ ਤੂੰ ਮੇਰਾ, ਸੁਖਵਿੰਦਰ ਸਿੰਘ ਭਾਂਦਲਾ ਨੇ ਗੀਤ ‘ਮਾਫ਼ ਕਰੀ’, ਅਵਤਾਰ ਸਿੰਘ ਨੇ ਗੀਤ ‘ਧੀ ਘਰਾਣੇ ਦੀ’, ਗੁਰੀ ਤੁਰਮਰੀ ਨੇ ਗੀਤ ‘ਗੱਲ ਮੁੱਕਦੀ’, ਨਰਿੰਦਰ ਮਣਕੂ ਨੇ ਗੀਤ ‘ਟੋਕਰੀ ਢੋਂਦੀ’, ਕੁਲਵੰਤ ਸਿੰਘ ਮਹਿਮੀ ਨੇ ਲੋਕ ਗੀਤ ‘ਕੀਮਾ ਮਲਕੀ’, ਹਰਬੰਸ ਸਿੰਘ ਸ਼ਾਨ ਨੇ ਕਵਿਤਾ ਬੇੜੇ, ਮਨਦੀਪ ਸਿੰਘ ਨੇ ਗੀਤ ‘ਤੂੰ ਲੇਖਕ’, ਅਮਰਜੀਤ ਸਿੰਘ ਘੁਡਾਣੀ ਨੇ ਸਮਾਜਿਕ ਕੁਰੀਤੀ, ਪ੍ਰਿਤਪਾਲ ਸਿੰਘ ਟਿਵਾਣਾ ਨੇ ਕਵਿਤਾ ਆਜ਼ਾਦੀ ਸੁਣਾਈ। ਪੜ੍ਹੀਆਂ-ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿੱਚ ਸੁਖਵਿੰਦਰ ਸਿੰਘ ਭਾਂਦਲਾ, ਦਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਸਤਵਿੰਦਰਪਾਲ, ਅਵਤਾਰ ਸਿੰਘ ਉਟਾਲਾਂ, ਪ੍ਰਿਤਪਾਲ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਨਿਭਾਈ।
