ਵਾਤਾਵਰਨ ਦੀ ਤਬਦੀਲੀ ਕਾਰਨ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ
ਪੀ ਏ ਯੂ ਵਿੱਚ ਖੇਤੀ ਮੌਸਮ ਵਿਗਿਆਨ ਅਤੇ ਜਲਵਾਯੂ ਤਬਦੀਲੀ ਵਿਭਾਗ ਵੱਲੋਂ ਖੇਤੀ ਮੌਸਮ ਵਿਗਿਆਨ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਤਹਿਤ ਤਿੰਨ ਰੋਜ਼ਾ ਸਾਲਾਨਾ ਗਰੁੱਪ ਮੀਟਿੰਗ ਸ਼ੁਰੂ ਹੋਈ। ਇਸ ਮੀਟਿੰਗ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਖੇਤੀ ਮੌਸਮ ਵਿਗਿਆਨੀਆਂ ਨੇ ਹਿੱਸਾ ਲਿਆ। ਪੀ ਏ ਯੂ ਵਿੱਚ ਹੀ ਇਨ੍ਹਾਂ ਮੌਸਮ ਵਿਗਿਆਨੀਆਂ ਦਾ ਪੰਜ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ 1-5 ਦਸੰਬਰ ਤੱਕ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਸਮਸਤੀਪੁਰ ਬਿਹਾਰ, ਬੈਂਗਲੂਰੁ ਕਰਨਾਟਕਾ ਅਤੇ ਲੁਧਿਆਣਾ ਦੇ ਕੇਂਦਰਾਂ ਨੂੰ ਸਰਵੋਤਮ ਕੇਂਦਰਾਂ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ। ਇਹ ਐਵਾਰਡ ਇਹਨਾਂ ਕੇਂਦਰਾਂ ਨੂੰ ਖੇਤੀ ਮੌਸਮ ਵਿਗਿਆਨ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਪੱਖੋਂ ਪਾਏ ਬਿਹਤਰੀਨ ਯੋਗਦਾਨ ਲਈ ਦਿੱਤੇ ਗਏ।
ਇਸ ਮੀਟ ਦੇ ਆਰੰਭਕ ਸੈਸ਼ਨ ਦੇ ਮੁੱਖ ਮਹਿਮਾਨ ਕੁਦਰਤੀ ਸਰੋਤ ਪ੍ਰਬੰਧਨ ਬਾਰੇ ਆਈ ਸੀ ਏ ਆਰ ਨਵੀਂ ਦਿੱਲੀ ਦੇ ਉਪ ਨਿਰਦੇਸ਼ਕ ਜਨਰਲ ਡਾ. ਏ ਕੇ ਨਾਇਕ ਸਨ। ਉਨ੍ਹਾਂ ਨੇ ਵਾਤਾਵਰਨ ਦੀ ਤਬਦੀਲੀ ਨਾਲ ਪੈਣ ਵਾਲੇ ਪ੍ਰਭਾਵਾਂ ਦੇ ਮੱਦੇਨਜ਼ਰ ਖੋਜ ਅਤੇ ਵਿਗਿਆਨ ਦੇ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਸਾਤ, ਸੋਕਾ, ਝੱਖੜ ਤੋਂ ਇਲਾਵਾ ਗਰਮੀ ਅਤੇ ਸਰਦੀ ਦੇ ਤੀਖਣ ਪ੍ਰਭਾਵਾਂ ਬਾਰੇ ਸੁਚੇਤ ਕਰਨ ਦਾ ਪ੍ਰਬੰਧ ਹੋਰ ਸੁਚਾਰੂ ਬਣਾਉਣ ਦੀ ਲੋੜ ਹੈ।
ਡਾ. ਵੀ ਕੇ ਸਿੰਘ ਨੇ ਖੇਤੀ ਮੌਸਮ ਵਿਗਿਆਨੀਆਂ ਸਾਹਮਣੇ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਚਲਿਤ ਮੌਸਮ ਭਵਿੱਖਬਾਣੀ ਵਿਧੀਆਂ ਨਾਕਾਫੀ ਲਗਦੀਆਂ ਹਨ। ਇਸਲਈ ਖੇਤੀ ਮੌਸਮ ਵਿਗਿਆਨੀਆਂ ਨੂੰ ਨਵੀਨਤਮ ਤਕਨਾਲੋਜੀਆਂ ਦੇ ਵਰਤੋਂ ਕਰਕੇ ਵਧੇਰੇ ਢੁੱਕਵਾਂ ਪ੍ਰਬੰਧ ਕਾਇਮ ਕਰਨ ਦੀ ਲੋੜ ਹੈ।
ਡਾ. ਅਜਮੇਰ ਸਿੰਘ ਢੱਟ ਨੇ ਪੀ ਏ ਯੂ ਵੱਲੋਂ ਉੱਤਰੀ ਭਾਰਤ ਦੀ ਖੇਤੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਅੰਕਿਤ ਕੀਤਾ। ਡਾ. ਚਰਨਜੀਤ ਸਿੰਘ ਔਲਖ ਨੇ ਮੌਸਮ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਅਸਰ ਬਾਰੇ ਗੱਲ ਕਰਦਿਆਂ ਇਸਦੇ ਆਰਥਿਕ ਅਤੇ ਹੋਰ ਪ੍ਰਭਾਵਾਂ ਦਾ ਖਦਸ਼ਾ ਪ੍ਰਗਟਾਇਆ। ਡਾ. ਔਲਖ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਵਿਗਿਆਨੀਆਂ ਨੂੰ ਕਿਸਾਨ ਕੇਂਦਰਿਤ ਮੌਸਮ ਸੂਚਨਾ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ।
ਇਸ ਮੌਕੇ ਖੇਤੀ ਮੌਸਮ ਵਿਗਿਆਨ ਦੀ ਸਾਲਾਨਾ ਰਿਪੋਰਟ, ਅਸਾਮ ਵਿੱਚ ਜਲਵਾਯੂ ਤਬਦੀਲੀ, ਬੰਗਾਲ ਵਿੱਚ ਮੌਸਮੀ ਤਬਦੀਲੀ ਅਤੇ ਲੁਧਿਆਣਾ ਦੇ ਖੋਜ ਪ੍ਰਾਜੈਕਟ ਕੇਂਦਰ ਵੱਲੋਂ ਪਿਛਲੇ 40 ਸਾਲ ਦੀਆਂ ਪ੍ਰਾਪਤੀਆਂ ਬਾਰੇ ਸਾਹਿਤ ਜਾਰੀ ਕੀਤਾ ਗਿਆ। ਇਸ ਦੌਰਾਨ ਵਿਗਿਆਨੀਆਂ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਚਲੰਤ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ।
