ਧਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ ਲਈ ਵਿਚਾਰ-ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੂਨ
ਪੀਏਯੂ ਵਿੱਚ ਪਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ ਲਈ ਪੀਏਯੂ ਮਾਹਿਰਾਂ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਵਿਚਾਰ-ਚਰਚਾ ਹੋਈ। ਇਸ ਚਰਚਾ ਦਾ ਮੰਤਵ ਪਾਣੀ ਦੀ ਸੰਭਾਲ ਲਈ ਰਲ ਕੇ ਹੰਭਲਾ ਮਾਰਨ ਦੀ ਕੋਸ਼ਿਸ ਨੂੰ ਤੇਜ਼ ਕਰਨਾ ਸੀ।
ਕੌਮੀ ਮਾਹਿਰਾਂ ਵਿਚ ਕੇਂਦਰੀ ਜਲ ਕਮਿਸ਼ਨ ਨਵੀਂ ਦਿੱਲੀ ਦੇ ਤਕਨੀਕੀ ਅਧਿਕਾਰੀ ਕੁਮਾਰੀ ਸਵੈਮੰਪਰਵਾ ਪਰਾਵਾਪਾਨੀ, ਜਨਾਬ ਮੁਹੰਮਦ ਅਮਾਨਉੱਲਾ ਅਤੇ ਜਲ ਵਿਤਰਨ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦੇ ਕਾਰਜਕਾਰੀ ਇੰਜਨੀਅਰ ਰਾਇ ਵਰਿੰਦਰ ਸਿੰਘ ਸ਼ਾਮਲ ਸਨ। ਮਾਹਿਰਾਂ ਨੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਸੁਝਾਅ ਦਿੱਤੇ।
ਵਧੀਕ ਕਮਿਸ਼ਨਰ ਵਿਕਾਸ ਕੁਮਾਰੀ ਸਵੈਮੰਪਰਵਾ ਪਰਾਵਾਪਾਨੀ ਨੇ ਧਰਤੀ ਹੇਠਲੇ ਪਾਣੀ ਨੂੰ ਕੁਦਰਤੀ ਸਰੋਤ ਵਜੋਂ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਜਲ ਕੇਂਦਰਾਂ ਦੀ ਯੋਜਨਾਬੰਦੀ ਸਾਂਝੀ ਕੀਤੀ। ਮੁਹੰਮਦ ਅਮਾਨਉੱਲਾ ਨੇ ਪਾਣੀ ਦੀ ਸੰਭਾਲ ਵਿਚ ਇੰਜਨੀਅਰਾਂ ਦੀ ਭੂਮਿਕਾ ਬਾਰੇ ਗੱਲ ਕੀਤੀ।
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇਪੀ ਸਿੰਘ ਨੇ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ। ਉਨ੍ਹਾਂ ਵਿਭਾਗ ਵੱਲੋਂ ਜਲ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਾਂਝਾ ਕੀਤਾ। ਪੀਏਯੂ ਦੇ ਪ੍ਰਮੁੱਖ ਵਿਗਿਆਨੀ ਡਾ. ਸਮਨਪ੍ਰੀਤ ਕੌਰ ਨੇ ਪਾਣੀ ਰੀਚਾਰਜ ਕਰਨ ਦੇ ਕੀਤੇ ਜਾ ਰਹੇ ਕਾਰਜਾਂ ਬਾਰੇ ਪੇਸ਼ਕਾਰੀ ਦਿੱਤੀ।
ਡਾ. ਰਾਜਨ ਅਗਰਵਾਲ ਨੇ ਮੀਂਹ ਦੇ ਪਾਣੀ ਦੀ ਰੀਚਾਰਜਿੰਗ ਤਕਨਾਲੋਜੀ ਸਾਂਝੀ ਕੀਤੀ, ਜੋ ਪੀਏਯੂ ਦੀ ਅਗਵਾਈ ਵਿਚ ਰਾਜ ਸਰਕਾਰ ਵੱਲੋਂ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਦੌਰਾਨ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਸੰਭਾਲ ਬਾਰੇ ਉਸਾਰੂ ਸੁਝਾਵਾਂ ’ਤੇ ਵਿਚਾਰ ਚਰਚਾ ਹੋਈ। ਸਮਾਰੋਹ ਦਾ ਸੰਚਾਲਨ ਡਾ. ਅਮੀਨਾ ਰਹੇਜਾ ਨੇ ਕੀਤਾ।