ਹੜ੍ਹਾਂ ਦੀ ਸਥਿਤੀ ਅਤੇ ਰੋਕਥਾਮ ਬਾਰੇ ਚਰਚਾ
ਗਿਆਨ ਪ੍ਰਗਾਸ ਟਰੱਸਟ ਵੱਲੋਂ ਯੂਨਾਈਟਿਡ ਸਿੱਖਜ਼ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅਕਾਲ ਬੁੰਗਾ, ਬੁੱਢੇਵਾਲ ਵਿੱਚ ਪੰਜਾਬ ’ਚ ਹੜ੍ਹਾਂ ਦੀ ਸਥਿਤੀ ਅਤੇ ਸਥਾਈ ਰੋਕਥਾਮ, ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਬਚਾਉਣ ਦੇ ਨਾਲ-ਨਾਲ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਅੱਗੇ ਪਾਉਣ ਸਬੰਧੀ ਵਿਸ਼ੇਸ਼ ਚਰਚਾ ਹੋਈ ਜਿਸ ਵਿੱਚ ਪ੍ਰਮੁੱਖ ਵਿਦਵਾਨਾਂ, ਲੇਖਕਾਂ ਅਤੇ ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਮਿਸ਼ਨ ‘ਪਿੰਡ ਬਚਾਓ ਤੇ ਪੰਜਾਬ ਬਚਾਓ’ ਮੁਹਿੰਮ ਤਹਿਤ ਹੋਈ ਚਰਚਾ ਦੌਰਾਨ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਕਈ ਵੱਡੀਆਂ ਸਿਆਸੀ ਅਤੇ ਆਰਥਿਕ ਮੁਸ਼ਕਲਾਂ ਨਾਲ ਜਿੱਥੇ ਜੂਝ ਰਿਹਾ ਹੈ, ਉੱਥੇ ਭਿਆਨਕ ਹੜ੍ਹਾਂ ਦੀ ਮਾਰ ਦਾ ਸਾਹਮਣਾ ਵੀ ਕਰ ਰਿਹਾ ਹੈ ਜੋ ਸਮੁੱਚੇ ਸੂਬੇ ਲਈ ਵੱਡੀ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਇਸ ਵੱਡੀ ਤ੍ਰਾਸਦੀ ਵਿੱਚੋਂ ਨਿਕਲਣ ਲਈ ਹੜ੍ਹਾਂ ਨੂੰ ਰੋਕਣ ਤੇ ਆਪਣੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਬਚਾਉਣ ਸਬੰਧੀ ਵਿਆਪਕ ਠੋਸ ਨੀਤੀ ਬਣਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਪੂਰੀ ਇਕਜੁੱਟਤਾ ਦਿਖਾਉਣੀ ਪਵੇਗੀ। ਇਸ ਮੌਕੇ ਪੰਜਾਬੀ ਚਿੰਤਕ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਪ੍ਰਮੁੱਖ ਸਿਆਸੀ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਵਿਕਾਸ ਦੀ ਤੀਬਰ ਗਤੀ ਦੀ ਆੜ ਹੇਠ ਕੁਦਰਤੀ ਵਸੀਲਿਆਂ, ਵਾਤਾਵਰਨ ਤੇ ਪਾਣੀਆਂ ਦਾ ਹੋ ਰਿਹਾ ਘਾਣ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ ਅਤੇ ਇਸ ਸਦਕਾ ਪੰਜਾਬ ਵਾਸੀਆਂ ਨੂੰ ਭਿਆਨਕ ਹੜ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਅੰਦਰ ਜਿਸ ਢੰਗ ਨਾਲ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਉਪਰ ਨਜਾਇਜ਼ ਕਬਜ਼ਿਆਂ ਦਾ ਰੁਝਾਨ ਚੱਲ ਰਿਹਾ ਹੈ ਉਹ ਵੀ ਇੱਕ ਖ਼ਤਰਨਾਕ ਰੁਝਾਨ ਤੇ ਕੁਦਰਤੀ ਸਮਤੋਲ ਵਾਲੀਆਂ ਜ਼ਮੀਨਾਂ ਨੂੰ ਬਰਬਾਦ ਕਰਨ ਵਾਲਾ ਮਸਲਾ ਹੈ ਜਿਸ ਤੋਂ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਚਰਚਾ ਦੌਰਾਨ ਕਰਨੈਲ ਸਿੰਘ ਜਖੇਪਾਲ ਪ੍ਰਮੁੱਖ ਆਗੂ ‘ਪਿੰਡ ਬਚਾਉ, ਪੰਜਾਬ ਬਚਾਉ’ ਲਹਿਰ, ਦਰਸ਼ਨ ਸਿੰਘ ਆਈਡੀਪੀ, ਜਸਕੀਰਤ ਸਿੰਘ ਬੁੱਢਾ ਨਾਲਾ ਬਚਾਉ ਐਕਸ਼ਨ ਕਮੇਟੀ, ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ, ਜਨਾਬ ਅਬਦੁੱਲ ਸ਼ਕੂਰ ਆਗੂ ਜਮਾਤ-ਏ-ਇਸਲਾਮੀਆਂ ਸਮੇਤ ਕਈ ਪ੍ਰਮੁੱਖ ਚਿੰਤਕਾਂ ਨੇ ਪੰਜਾਬੀਆਂ ਨੂੰ ਸਾਂਝੀ ਲੋਕ ਰਾਇ ਬਣਾਉਣ ਦਾ ਸੱਦਾ ਦਿੱਤਾ। ਟਰੱਸਟ ਦੇ ਪ੍ਰਮੁੱਖ ਆਗੂ ਸਲੋਚਨਬੀਰ ਸਿੰਘ ਨੇ ਬੁਲਾਰਿਆਂ, ਸ਼ਖਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਯੂਨਾਇਟਿਡ ਸਿੱਖਜ਼, ਸੁਰਿੰਦਰ ਸਿੰਘ ਮੱਕੜ, ਮੇਜਰ ਸਿੰਘ, ਪ੍ਰੀਤਮ ਸਿੰਘ, ਭੁਪਿੰਦਰ ਸਿੰਘ ਮੱਕੜ ਤੇ ਕਰਨਲ ਰਿਟਾ. ਜੇ ਐੱਸ ਗਿੱਲ ਵੀ ਹਾਜ਼ਰ ਸਨ।