ਮਜ਼ਦੂਰ ਅਤੇ ਨੌਜਵਾਨ ਜਥੇਬੰਦੀ ਵੱਲੋਂ ਵਿਚਾਰ ਗੋਸ਼ਟੀ
ਮਜ਼ਦੂਰ ਲਾਇਬ੍ਰੇਰੀ, ਤਾਜਪੁਰ ਰੋਡ ਵਿੱਚ ਮਜ਼ਦੂਰ ਅਤੇ ਨੌਜਵਾਨ ਜਥੇਬੰਦੀਆਂ ਵੱਲੋਂ ‘ਸ਼ਹੀਦ ਭਗਤ ਸਿੰਘ ਅਤੇ ਅੱਜ ਦਾ ਸਮਾਂ’ ਵਿਸ਼ੇ ’ਤੇ ਇੱਕ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਵਿੱਚ ਬੁਲਾਰਿਆਂ ਨੇ ਅੱਜ ਇਨਕਲਾਬੀਆਂ ਦੇ ਵਿਚਾਰਾਂ ਨੂੰ ਜਾਨਣ ਅਤੇ ਦੱਬੇ ਕੁਚਲੇ ਲੋਕਾਂ ਤੱਕ ਇਨਕਲਾਬ ਦਾ ਸੁਨੇਹਾ ਲੈ ਕੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਅੱਜ ਵੀ ਦੇਸ਼ ਅੰਦਰ ਮੁੱਠੀ ਭਰ ਦੇਸੀ-ਵਿਦੇਸ਼ੀ ਸਰਮਾਏਦਾਰ ਕਾਬਜ਼ ਹਨ ਜੋ ਦੇਸ਼ ਦੇ ਮਜ਼ਦੂਰਾਂ ਅਤੇ ਕਿਰਤੀਆਂ ਦੀ ਲੁੱਟ ਅਤੇ ਸੋਸ਼ਣ ਕਰ ਰਹੇ ਹਨ। ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਜਿਹੀਆਂ ਸਮੱਸਿਆਵਾਂ ਦੁਆਰਾ ਲੋਕਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੇਤਰਾਂ, ਧਰਮਾਂ-ਜਾਤਾਂ ਆਦਿ ਦੇ ਨਾਮ ’ਤੇ ਵੰਡਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹੇ ਹਨੇਰੇ ਸਮੇਂ ਵਿੱਚ ਇਨਕਲਾਬੀਆਂ ਦੇ ਵਿਚਾਰਾਂ ਦੀ ਜੋਤ ਹੀ ਲੋਕਾਂ ਨੂੰ ਰਾਹ ਦਿਖਾ ਸਕਦੀ ਹੈ।
ਇਸ ਮੌਕੇ ਟੈਕਸਟਾਇਲ ਹੌਜਰੀ-ਕਾਮਗਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਟੀਨਾ ਨੇ ਸੰਬੋਧਨ ਕੀਤਾ। ਇਸਤੋਂ ਇਲਾਵਾ ਆਗੂ ਦਿਲਜੋਤ, ਰਾਮ ਸਿੰਘ ਅਤੇ ਘਣਸ਼ਾਮ ਪਾਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮੌਸਮ, ਕੋਮਲ, ਦਿਸ਼ਾ ਨੇ ਇਨਕਲਾਬੀ ਗੀਤ ਲੋਕਾਂ ਸਾਹਮਣੇ ਪੇਸ਼ ਕੀਤੇ।