ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਲਿਆ ਧੁੱਸੀ ਬੰਨ੍ਹ ਦਾ ਜਾਇਜ਼ਾ

ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਜਥੇਬੰਦੀਆਂ ਅਤੇ ਸਥਾਨਕ ਲੋਕ ਸਰਗਰਮ
ਬੰਨ੍ਹ ਦਾ ਜ਼ਾਇਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪਿਛਲੇ ਕਈ ਦਿਨਾਂ ਤੋਂ ਧੁੱਸੀ ਬੰਨ੍ਹ ਅਤੇ ਸਸਰਾਲੀ ਕਲੋਨੀ ਨੇੜੇ ਵਸੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਲਈ ਜ਼ਿਲ੍ਹਾ ਪ੍ਰਸਾਸ਼ਨ ਸਮੇਤ ਸਮਾਜ ਸੇਵੀ ਜਥੇਬੰਦੀਆਂ, ਸਥਾਨਕ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਮੱਤੇਵਾੜਾ ਦੇ ਨੇੜੇ ਗੜ੍ਹੀ ਫਾਜ਼ਿਲ ਵਿੱਚ ਧੁੱਸੀ ਬੰਨ੍ਹ ਦੇ ਨੇੜੇ ਠੋਕਰ ਨੰਬਰ 5 ਨੂੰ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਪਿੰਡ ਦੇ ਲੋਕ ਅਤੇ ਪ੍ਰਸਾਸ਼ਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਏ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਹਾਇਕ ਕਮਿਸ਼ਨਰ ਡਾ. ਪ੍ਰਗਤੀ ਰਾਣੀ, ਐਸ.ਡੀ.ਐਮ ਜਸਲੀਨ ਕੌਰ ਭੁੱਲਰ ਅਤੇ ਹੋਰ ਅਧਿਕਾਰੀਆਂ ਦੇ ਨਾਲ ਗੜ੍ਹੀ ਫਾਜ਼ਿਲ ਵਿੱਚ ਧੁੱਸੀ ਬੰਨ੍ਹ ’ਤੇ ਚੱਲ ਰਹੇ ਮਜ਼ਬੂਤੀ ਦੇ ਕੰਮ ਦਾ ਨਿਰੀਖਣ ਕੀਤਾ। ਸ਼੍ਰੀ ਜੈਨ ਨੇ ਪਾਣੀ ਦੇ ਤੇਜ਼ ਵਹਾਅ ਨਾਲ ਪੱਥਰ ਖਿਸਕਣ ਦੀ ਸਮੇਂ ਸਿਰ ਸੂਚਨਾ ਦੇਣ ਅਤੇ ਸਥਿਤੀ ਨੂੰ ਤੇਜ਼ੀ ਨਾਲ ਕਾਬੂ ਕਰਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਅਫਵਾਹਾਂ ’ਤੇ ਵਿਸ਼ਵਾਸ਼ ਨਾ ਕਰਨ ਦੀ ਅਪੀਲ ਕੀਤੀ। ਸ੍ਰੀ ਜੈਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸਾਸ਼ਨ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਇੱਕ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਕਾਰਜਸ਼ੀਲ ਹੈ ਜਿਸ ਨਾਲ ਹੈਲਪਲਾਈਨ ਨੰਬਰ 0161-2433100 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Advertisement

ਭੋਲੇਵਾਲ ਜਦੀਦ ਵਿੱਚ ਧੁੱਸੀ ਬੰਨ੍ਹ ਮਜ਼ਬੂਤ ਹੋਇਆ

ਭੋਲੇਵਾਲ ਜਦੀਦ ਵਿੱਚ ਸੀਡ ਫਾਰਮ ਨੇੜੇ ਧੁੱਸੀ ਬੰਨ੍ਹ ਤੋਂ ਮਿੱਟੀ ਖਿਸਕਣ ਤੋਂ ਬਾਅਦ ਐਸਡੀਐਮ ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਹੇਠ ਟੀਮਾਂ ਨੇ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ, ਪੰਚਾਇਤ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਮਜ਼ਬੂਤੀਕਰਨ ਦਾ ਕੰਮ ਤੁਰੰਤ ਕੀਤਾ ਗਿਆ। ਇਸ ਦੌਰਾਨ ਭੋਲੇਵਾਲ ਜਦੀਦ ਦੇ ਲੋਕਾਂ ਨੂੰ ਲਾਈਫ ਜੈਕਟਾਂ ਵੰਡੀਆਂ ਗਈਆਂ। ਐਸਡੀਐਮ ਨੇ ਕਿਹਾ ਕਿ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਨਾ ਸਿਰਫ ਭੋਲੇਵਾਲ ਜਦੀਦ ਵਿੱਚ ਬਲਕਿ ਖਹਿਰਾ ਬੇਟ ਅਤੇ ਆਲੋਵਾਲ ਵਿੱਚ ਵੀ ਜਾਰੀ ਹੈ। ਡਾ. ਪੂਨਪ੍ਰੀਤ ਕੌਰ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪ੍ਰਸਾਸ਼ਨ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਕੈਬਨਿਟ ਮੰਤਰੀ ਅਰੋੜਾ ਵੱਲੋਂ ਧੂਸੀ ਬੰਨ੍ਹ ਦੇ ਮਜ਼ਬੂਤੀਕਰਨ ਲਈ ਡੀਸੀ ਨਾਲ ਮੀਟਿੰਗ

ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਸਸਰਾਲੀ ਕਲੋਨੀ ਵਿੱਚ ਧੁੱਸੀ ਬੰਨ੍ਹ ਦੇ ਮਜ਼ਬੂਤੀਕਰਨ ਲਈ ਚੱਲ ਰਹੇ ਕੰਮਾਂ ਅਤੇ ਹਾਈਵੇ ਪ੍ਰਾਜੈਕਟਾਂ ਦੇ ਕੰਮਾਂ ਹਿੱਤ ਜਾਣਕਾਰੀ ਲੈਣ ਲਈ ਅੱਜ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਅਡੀਸ਼ਨਲ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐਨਐਚਏਆਈ ਪ੍ਰੋਜੈਕਟਰ ਡਾਇਰੈਕਟਰ ਪ੍ਰਿਯੰਕਾ ਮੀਨਾ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਖੁਰਨ ਤੋਂ ਰੋਕਣ, ਧੁੱਸੀ ਬਨ੍ਹ ਨੂੰ ਮਜ਼ਬੂਤ ਕਰਨ ਅਤੇ ਹੜ੍ਹ ਰਾਹਤ ਕੰਮਾਂ ਨੂੰ ਅੱਗੇ ਵਧਾਉਣ ’ਤੇ ਚਰਚਾ ਕੀਤੀ।

Advertisement
Show comments