ਧਾਲੀਵਾਲ ਦੀ ਪੁਸਤਕ ‘ਸਾਡਾ ਪਿੰਡ ਬੁਰਜ ਲਿੱਟਾਂ’ ਰਿਲੀਜ਼
ਇਥੇ ਗੋਰਕੀ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਮਾਸਟਰ ਅਵਤਾਰ ਸਿੰਘ ਧਾਲੀਵਾਲ ਦੀ ਲਿਖੀ ਪੁਸਤਕ ‘ਸਾਡਾ ਪਿੰਡ ਬੁਰਜ ਲਿੱਟਾਂ’ ਇੱਥੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਸਾਹਿਤਕਾਰ ਜਰਨੈਲ ਸਿੰਘ ਅੱਚਰਵਾਲ, ਆਤਮਾ ਸਿੰਘ ਲੋਹਟਬੱਦੀ, ਹਰਦਿਆਲ ਸਿੰਘ ਲਿੱਟ, ਨਾਮਵਰ ਕਵੀ ਭਗਵਾਨ ਢਿੱਲੋਂ, ਜਗਦੇਵ ਕਲਸੀ ਅਤੇ ਗੁਰਤੇਜ ਕੌਰ ਬੁਰਜ ਲਿੱਟਾਂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਗਿਆਨ ਵਿਸ਼ੇ ਦੇ ਅਧਿਆਪਕ ਮਾਸਟਰ ਅਵਤਾਰ ਸਿੰਘ ਧਾਲੀਵਾਲ ਨੇ ਇਤਿਹਾਸ ਵਰਗੇ ਵਿਸ਼ੇ ਨੂੰ ਆਪਣੇ ਹੱਥ ਲੈ ਕੇ ਆਪਣੇ ਪਿੰਡ ਬਾਰੇ ਜਾਣਕਾਰੀ ਭਰਪੂਰ ਇਕ ਕਿਤਾਬ ਲਿਖਣ ਦਾ ਜੋਖ਼ਮ ਹੀ ਨਹੀਂ ਉਠਾਇਆ ਸਗੋਂ ਸਖ਼ਤ ਮਿਹਨਤ ਨਾਲ ਇਸ ਨੂੰ ਨੇਪਰੇ ਵੀ ਚਾੜ੍ਹਿਆ ਹੈ।
ਜਰਨੈਲ ਸਿੰਘ ਅੱਚਰਵਾਲ ਅਤੇ ਭਗਵਾਨ ਢਿੱਲੋਂ ਨੇ ਲੇਖਕ ਦੀ ਘਾਲਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਦੁਆਰ ਦੇ ਘਾਟ ਉਪਰ ਬੈਠੇ ਪੰਡਤਾਂ ਦੀਆਂ ਵਹੀਆਂ ਵਿੱਚੋਂ ਪਿੰਡ ਦੇ ਵੱਡੇ-ਵਡੇਰਿਆਂ ਬਾਰੇ ਜਾਣਕਾਰੀ ਹਾਸਲ ਕਰਨਾ ਆਸਾਨ ਕੰਮ ਨਹੀਂ ਸੀ। ਨਰਿੰਦਰਪਾਲ ਸਿੰਘ ਨੇ ਸਮਾਗਮ ਨੂੰ ਸਹੀ ਢੰਗ ਨਾਲ ਤਰਤੀਬ ਦਿੰਦੇ ਹੋਏ, ਸਮਾਗਮ ਵਿੱਚ ਸ਼ਾਮਲ ਪਤਵੰਤਿਆਂ ਦਾ ਧੰਨਵਾਦ ਕੀਤਾ। ਕਿਤਾਬ ਦੇ ਰਚੇਤਾ ਮਾਸਟਰ ਅਵਤਾਰ ਸਿੰਘ ਧਾਲੀਵਾਲ ਨੇ ਕਿਤਾਬ ਲਿਖਣ ਦੀ ਸ਼ੁਰੂਆਤ ਤੋਂ ਕਿਤਾਬ ਰਿਲੀਜ਼ ਕਰਨ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ।
