ਪਾਬੰਦੀ ਦੇ ਬਾਵਜੂਦ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹੇ ਲੁਧਿਆਣਵੀ
ਸਨਅਤੀ ਸ਼ਹਿਰ ਵਿੱਚ ਲੋਕਾਂ ਨੇ ਦੋ ਦਿਨ ਦੀਵਾਲੀ ਮਨਾਈ। ਪਟਾਕੇ ਚਲਾਉਣ ਲਈ ਪੁਲੀਸ ਕਮਿਸ਼ਨਰ ਨੇ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਤੈਅ ਕੀਤਾ ਸੀ ਪਰ ਇਸ ਦੇ ਬਾਵਜੂਦ ਦੇਰ ਰਾਤ ਤੱਕ ਲੁਧਿਆਣਾ ਵਿੱਚ ਪਟਾਕੇ ਚੱਲਦੇ ਰਹੇ। ਲੋਕ ਦੇਰ ਰਾਤ ਘਰਾਂ ਵਿੱਚ ਅਤੇ ਸੜਕਾਂ ’ਤੇ ਪਟਾਕੇ ਚਲਾਉਂਦੇ ਰਹੇ। ਇਸ ਦੇ ਨਾਲ ਹੀ ਗ੍ਰੀਨ ਪਟਾਕੇ ਚਲਾਉਣ ਲਈ ਵੀ ਕਾਫ਼ੀ ਜਾਗਰੂਕ ਕੀਤਾ ਗਿਆ ਸੀ, ਪਰ ਫਿਰ ਵੀ ਆਮ ਪਟਾਕੇ ਹੀ ਚੱਲਦੇ ਰਹੇ।
ਉਧਰ, ਪਟਾਕਿਆਂ ਕਾਰਨ ਹਵਾ ਦੀ ਗੁਣਵੱਤਾ ਦਾ ਪੱਧਰ ‘ਏਅਰ ਕੁਆਲਿਟੀ ਇੰਡਕੈਸ’ (ਏਕਿਊਆਈ) ਵੀ ਆਮ ਨਾਲੋਂ ਕਾਫ਼ੀ ਉਪਰ ਰਿਹਾ। ਸੋਮਵਾਰ ਰਾਤ ਇਹ 377 ਦਰਜ ਕੀਤਾ ਗਿਆ ਜਦਕਿ ਮੰਗਲਵਾਰ ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਇਹ 277 ਦਰਜ ਕੀਤਾ ਗਿਆ ਸੀ। ਪਟਾਕਾ ਵਪਾਰੀਆਂ ਮੁਤਾਬਕ ਲੁਧਿਆਣਾ ਵਿੱਚ ਕਰੀਬ ਲੋਕਾਂ ਨੇ 50 ਕਰੋੜ ਰੁਪਏ ਦੇ ਪਟਾਕੇ ਚਲਾਏ ਹੋਣਗੇ।
ਉੱਧਰ, ਅੱਜ ਮੰਗਲਵਾਰ ਦੀ ਰਾਤ ਨੂੰ ਲੋਕਾਂ ਨੇ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਦੀਵੀ ਤੇ ਮੋਮਬਤੀਆਂ ਬਾਲ ਕੇ ਇੱਕ-ਦੂਜੇ ਨੂੰ ਮੁਬਾਰਕਬਾਦ ਦਿੱਤੀ।
ਦੀਵਾਲੀ ਦੀ ਤਰੀਕ ਨੂੰ ਲੈ ਕੇ ਲੁਧਿਆਣਾ ਵਾਸੀਆਂ ਵਿੱਚ ਕਾਫ਼ੀ ਉਲਝਣ ਸੀ, ਪਰ ਇਸ ਦੇ ਬਾਵਜੂਦ ਸ਼ਹਿਰ ਦੇ ਲੋਕਾਂ ਨੇ 20 ਅਤੇ 21 ਦੋਵਾਂ ਦਿਨ ਦੀਵਾਲੀ ਮਨਾਈ। ਲੋਕਾਂ ਨੇ 20 ਅਕਤੂਬਰ ਨੂੰ ਆਪਣੇ ਘਰਾਂ ਵਿੱਚ ਦੀਵਾਲੀ ਦੀ ਪੂਜਾ ਕੀਤੀ ਤੇ 21 ਅਕਤੂਬਰ ਨੂੰ ਆਪਣੇ ਦਫ਼ਤਰਾਂ ਤੇ ਵਪਾਰਕ ਸਥਾਨਾਂ ’ਤੇ। ਉੱਧਰ, ਪਟਾਕੇ ਚਲਾਉਣ ਦੇ ਸ਼ੌਕੀਨਾਂ ਨੇ ਦੋਵੇਂ ਦਿਨ ਹੀ ਪਟਾਕੇ ਚਲਾਏ। ਦੀਵਾਲੀ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਨੇ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਸੀ, ਜਿਸ ਤੋਂ ਬਾਅਦ ਪਟਾਕੇ ਚਲਾਉਣ ’ਤੇ ਕਾਨੂੰਨੀ ਕਾਰਵਾਈ ਬਾਰੇ ਚਿਤਾਵਨੀ ਦਿੱਤੀ ਗਈ ਸੀ। ਇਨ੍ਹਾਂ ਹੁਕਮਾਂ ਦੇ ਬਾਵਜੂਦ ਲੁਧਿਆਣਾ ਵਿੱਚ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਸ਼ਹਿਰ ਵਿੱਚ 20 ਅਕਤੂਬਰ ਨੂੰ ਲੋਕਾਂ ਨੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕੀਤੇ ਜਦਕਿ 21 ਅਕਤੂਬਰ ਮੰਗਲਵਾਰ ਨੂੰ ਵੀ ਦੇਰ ਰਾਤ ਤੱਕ ਲੋਕ ਪਟਾਕੇ ਚਲਾਉਂਦੇ ਰਹੇ।
ਕੁੱਲ 50 ਕਰੋੜ ਰੁਪਏ ਤੋਂ ਵੱਧ ਦੇ ਪਟਾਕੇ ਚੱਲਣ ਦੇ ‘ਚਰਚੇ’
ਲੁਧਿਆਣਾ ਵਿੱਚ ਕਈ ਥਾਵਾਂ ’ਤੇ ਹੋਲਸੇਲ ਵਿੱਚ ਪਟਾਕੇ ਵੇਚਣ ਲਈ ਖਾਸ ਦੁਕਾਨਾਂ ਲਾਈਆਂ ਗਈਆਂ ਸਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਕਈ ਥਾਵਾਂ ’ਤੇ ਗੁਦਾਮਾਂ ਵਿੱਚ ਪਟਾਕੇ ਵਿਕੇ। ਇਸ ਦੇ ਨਾਲ ਹੀ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਪਟਾਕੇ ਵੇਚਣ ਲਈ ਦੁਕਾਨਾਂ ਲੱਗੀਆਂ ਸਨ। ਪਟਾਕਿਆਂ ਦੇ ਵਪਾਰੀਆਂ ਮੁਤਾਬਕ ਇਸ ਵਾਰ ਲੁਧਿਆਣਾ ਜ਼ਿਲ੍ਹੇ ਵਿੱਚ 50 ਕਰੋੜ ਰੁਪਏ ਦੇ ਆਸ-ਪਾਸ ਪਟਾਕੇ ਚੱਲੇ ਹੋ ਸਕਦੇ ਹਨ।