ਖਰਾਬ ਕਣਕ ਦਾ ਭੇਤ ਖੁੱਲ੍ਹਣ ’ਤੇ ਹਰਕਤ ਵਿੱਚ ਆਇਆ ਵਿਭਾਗ
ਇਥੇ ਸ਼ੇਰਪੁਰਾ ਮਾਰਗ ’ਤੇ ਇਕ ਸ਼ੈਲਰ ਵਿੱਚ ਲੱਗੀ ਸਰਕਾਰੀ ਕਣਕ ਦੇ ਬਦਰੰਗ ਤੇ ਖ਼ਰਾਬ ਹੋਣ ਦਾ ਮਾਮਲਾ ਸਾਹਮਣੇ ਆਉਣ ’ਤੇ ਅੱਜ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਉਕਤ ਸ਼ੈਲਰ ਦੀ ਜਾਂਚ ਕੀਤੀ। ਇਸ ਦੌਰਾਨ ਜਿੱਥੇ ਬਦਬੂ ਮਾਰਦੀ, ਕਾਲੀ ਹੋਈ ਕਣਕ ਮਿਲੀ, ਉਥੇ ਹੀ ਕੁਝ ਹੋਰ ਖਾਮੀਆਂ ਵੀ ਸਾਹਮਣੇ ਆਈਆਂ। ਸ਼ੈਲਰ ਦੇ ਪਿਛਲੇ ਪਾਸੇ ਜਿੱਥੇ ਕਣਕ ਦੀਆਂ ਬੋਰੀਆਂ ਦੇ ਚੱਕੇ ਲੱਗੇ ਹੋਏ ਹਨ ਉਨ੍ਹਾਂ ਦੇ ਨਾਲ ਹੀ ਇਕ ਪਾਣੀ ਵਾਲੀ ਪੱਕੀ ਪਾਈਪ ਦੀ ਫਿਟਿੰਗ ਮਿਲੀ। ਇਹ ਪਾਈਪ ਸਬਮਰਸੀਪਲ ਪੰਪ ਲਾ ਕੇ ਚੱਕਿਆਂ ਦੇ ਨੇੜੇ ਤੱਕ ਪਹੁੰਚਦੀ ਕੀਤੀ ਹੋਈ ਸੀ। ਉਨ੍ਹਾਂ ਮੌਕੇ ’ਤੇ ਅਧਿਕਾਰੀਆਂ ਦੀ ਖਿਚਾਈ ਕੀਤੀ ਤੇ ਟੀਮ ਸਦ ਕੇ ਕਣਕ ਦੇ ਸੈਂਪਲ ਭਰਵਾਏ।
ਇਸ ਮੌਕੇ ਖੁਰਾਕ ਸਪਲਾਈ ਅਫ਼ਸਰ ਲੁਧਿਆਣਾ ਲਖਵੀਰ ਸਿੰਘ, ਸਹਾਇਕ ਖੁਰਾਕ ਸਪਲਾਈ ਅਫ਼ਸਰ ਜਗਰਾਉਂ ਤੋਂ ਇਲਾਵਾ ਵਿਭਾਗ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ। ਚੇਅਰਮੈਨ ਗਿੱਲ ਨੇ ਕਿਹਾ ਅੰਨ ਭੰਡਾਰ ਦੀ ਸਾਂਭ-ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਾਪਰਵਾਹੀ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿੱਚ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਲਈ ਵਚਨਬੱਧ ਹੈ। ਇਹ ਮਾਮਲਾ ਉਦੋਂ ਰੋਸ਼ਨੀ ਵਿੱਚ ਆਇਆ ਜਦੋਂ ਰਾਜਸਥਾਨ ਨੂੰ ਮਾੜੀ ਕਣਕ ਭੇਜੀ ਗਈ ਜਿਸ 'ਤੇ ਜੁਰਮਾਨਾ ਵੀ ਹੋਇਆ। ਚੇਅਰਮੈਨ ਗਿੱਲ ਨੇ ਇਸ ਸਮੇਂ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲਾਤ ਬਿਆਨ ਕਰਦੇ ਹਨ ਕਿ ਕਣਕ ਨੂੰ ਪਾਣੀ ਲਾ ਕੇ ਵਜ਼ਨ ਵਧਾਉਣ ਦਾ ਪ੍ਰਬੰਧ ਕਰ ਰੱਖਿਆ ਸੀ। ਪਾਣੀ ਲੱਗਣ ਕਰਕੇ ਹੀ ਗਿੱਲ ਹੋਈ ਕਣਕ ਬਾਅਦ ਵਿੱਚ ਖ਼ਰਾਬ ਹੁੰਦੀ ਹੈ, ਜਿਵੇਂ ਕਿ ਇਥੇ ਹੋਈ ਹੈ। ਵੇਰਵਿਆਂ ਮੁਤਾਬਕ ਸਪੈਸ਼ਲ ਰੱਦ ਹੋਣ ਤੇ ਜੁਰਮਾਨਾ ਹੋਣ ਕਰਕੇ ਹੁਣ ਇਹੋ ਬਦਰੰਗ ਮਾੜੀ ਕਣਕ ਨੀਲੇ ਕਾਰਡਾਂ ਧਾਰਕ ਪਰਿਵਾਰਾਂ ਨੂੰ ਵੰਡਣ ਲਈ ਭੇਜੇ ਜਾਣ ਦੀ ਤਿਆਰੀ ਹੋ ਰਹੀ ਸੀ। ਚੇਅਰਮੈਨ ਗਿੱਲ ਦੀਆਂ ਹਦਾਇਤਾਂ 'ਤੇ ਪੁੱਜੇ ਉੱਡਣ ਦਸਤੇ ਨੇ ਇਸ ਕਣਕ ਦੇ ਸੈਂਪਲ ਭਰੇ ਜੋ ਲੈਬ ਨੂੰ ਭੇਜੇ ਜਾਣਗੇ ਅਤੇ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।