ਖਾਦ ਨਾਲ ਜਬਰੀ ਹੋਰ ਵਸਤਾਂ ਦੇਣ ਦੀਆਂ ਸ਼ਿਕਾਇਤਾਂ ਦਾ ਖੰਡਨ
ਬਲਾਕ ਅਧੀਨ ਪੈਂਦੀ ਪਵਾਤ-ਹੇੜੀਆਂ ਖੇਤੀਬਾੜੀ ਸਹਿਕਾਰੀ ਸਭਾ ਨਾਲ ਜੁੜੇ ਅਹੁਦੇਦਾਰਾਂ ਤੇ ਕਿਸਾਨਾਂ ਨੇ ਇੱਕ ਮੀਟਿੰਗ ਕਰ ਮੀਡੀਆ ਕੋਲ ਆਪਣਾ ਪੱਖ ਰੱਖਿਆ। ਅੱਜ ਸਭਾ ਨਾਲ ਜੁੜੇ ਕੁਲਵਿੰਦਰ ਸਿੰਘ, ਅਮਰੀਕ ਸਿੰਘ, ਜਗਮੋਹਣ ਸਿੰਘ, ਸਵਰਨ ਸਿੰਘ, ਦਵਿੰਦਰਪਾਲ ਸਿੰਘ, ਮਨਜਿੰਦਰ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਸੁੱਖਾ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਸੁਪਿੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਦਲਵੀਰ ਸਿੰਘ, ਬਹਾਦਰ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਸਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਦਾ ਸਮੂਹ ਸਟਾਫ਼ ਬੜੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਜਦੋਂ ਵੀ ਪਿੱਛੋਂ ਯੂਰੀਆਂ ਜਾਂ ਹੋਰ ਵਸਤਾਂ ਦੀ ਸਪਲਾਈ ਆਉਂਦੀ ਹੈ ਤਾਂ ਉਹ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਵੰਡੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਕਿਸਾਨ ਵਲੋਂ ਜੋ ਸ਼ਿਕਾਇਤ ਕੀਤੀ ਗਈ ਕਿ ਖਾਦ ਦੇ ਨਾਲ ਸਭਾ ਵੱਲੋਂ ਕੁਝ ਹੋਰ ਵਸਤਾਂ ਵੀ ਧੱਕੇ ਨਾਲ ਦਿੱਤੀਆਂ ਜਾਂਦੀਆਂ ਹਨ ਉਹ ਬਿਲਕੁਲ ਗਲਤ ਹੈ। ਉਨ੍ਹਾਂ ਦੱਸਿਆ ਕਿ ਸਭਾ ਨਾਲ ਜੁੜੇ ਜ਼ਿਆਦਾਤਰ ਕਿਸਾਨ ਆਲੂ ਦੀ ਖੇਤੀ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਖਾਦ ਦੀ ਵੱਧ ਲੋੜ ਪੈਂਦੀ ਹੈ ਅਤੇ ਸਰਕਾਰ ਅਤੇ ਉਨ੍ਹਾਂ ਵਲੋਂ ਨਿਰਧਾਰਿਤ ਕੰਪਨੀਆਂ ਜੋ ਵੀ ਖੇਤੀਬਾੜੀ ਨਾਲ ਸਬੰਧਿਤ ਸਾਮਾਨ ਭੇਜਦੀਆਂ ਹਨ ਉਹ ਹਦਾਇਤਾਂ ਅਨੁਸਾਰ ਹੀ ਵੇਚਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਸਾਨੂੰ ਇਸ ਸਭਾ ਨਾਲ ਕੋਈ ਵੀ ਸ਼ਿਕਾਇਤ ਨਹੀਂ ਅਤੇ ਇਹ ਸਭਾ ਸਹਿਕਾਰਤਾ ਵਿਭਾਗ ਦੇ ਨਿਯਮਾਂ ’ਤੇ ਚੱਲਦਿਆਂ ਮੁਨਾਫ਼ੇ ਵਿਚ ਚੱਲ ਰਹੀ ਹੈ।